ਵੈਨਕੂਵਰ : ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ ਸਵੇਰੇ ਪੁਲੀਸ ਵਲੋਂ ਚਲਾਈ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਨੇ ਅਜੇ ਮਰਨ ਵਾਲੇ ਦੀ ਪਛਾਣ ਨਹੀਂ ਦੱਸੀ ਤੇ ਨਾ ਹੀ ਗੋਲੀ ਚਲਾਉਣ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ। ਉਂਝ ਇਹਤਿਆਤ ਵਜੋਂ ਹਵਾਈ ਅੱਡੇ ਦੇ ਟਰਮੀਨਲ ਇੱਕ ਦਾ ਰਵਾਨਗੀ ਰਸਤਾ ਪੀਲੀ ਟੇਪ ਨਾਲ ਬੰਦ ਹੈ। ਅੱਖੀ ਵੇਖਣ ਵਾਲਿਆਂ ਅਨੁਸਾਰ ਰਵਾਨਗੀ ਰਸਤੇ ’ਤੇ ਦਰਜਨਾਂ ਪੁਲੀਸ ਗੱਡੀਆਂ ਖੜੀਆਂ ਹਨ ਤੇ ਇੱਕ ਜੀਪ ਕੋਲ ਪਏ ਅਟੈਚੀ ਨੇੜੇ ਵਿਅਕਤੀ ਦੀ ਲਾਸ਼ ਪਈ ਵੇਖੀ ਗਈ, ਜਿਸ ਦੇ ਹੱਥ ਤੇ ਪੈਰ ਦਿਸਦੇ ਸਨ। ਪੁਲੀਸ ਵਲੋਂ ਐਕਸ ’ਤੇ ਪਾਈ ਪੋਸਟ ਵਿੱਚ ਸਿਰਫ ਏਨਾ ਹੀ ਦੱਸਿਆ ਗਿਆ ਹੈ ਕਿ ਮੌਤ ਪੁਲੀਸ ਗੋਲੀ ਨਾਲ ਹੋਣ ਕਰਕੇ ਉਸ ਦੀ ਜਾਂਚ ਨਿਰਪੱਖ ਤਫ਼ਤੀਸ਼ੀ ਟੀਮ ਹਵਾਲੇ ਕਰ ਦਿੱਤੀ ਗਈ ਹੈ। ਕੁਝ ਯਾਤਰੀਆਂ ਅਨੁਸਾਰ ਗੋਲੀਬਾਰੀ ਕਾਰਨ ਹਵਾਈ ਅੱਡੇ ਦੇ ਟਰਮੀਨਲ ਇੱਕ ਦਾ ਰਵਾਨਗੀ (ਡਿਪਾਰਚਰ) ਰਸਤਾ ਬੰਦ ਕਰਕੇ ਯਾਤਰੀਆਂ ਨੂੰ ਆਗਮਨ ਰਸਤੇ ਅੰਦਰ ਭੇਜਿਆ ਜਾ ਰਿਹਾ ਹੈ। ਹਵਾਈ ਅੱਡੇ ਦੇ ਬੁਲਾਰੇ ਨੇ ਉਡਾਣਾਂ ਵਿੱਚ ਕਿਸੇ ਵਿਘਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਵਾਈ ਅੱਡੇ ਦੇ ਅੰਦਰ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ ਤੇ ਸਾਰਾ ਕੁਝ ਆਮ ਵਾਂਗ ਚੱਲ ਰਿਹਾ ਹੈ। ਘਟਨਾ ਤੋਂ ਦੋ ਘੰਟੇ ਬਾਅਦ ਤੱਕ ਵੀ ਮੌਕੇ ’ਤੇ ਪੁਲੀਸ ਗੱਡੀਆਂ ਤਾਇਨਾਤ ਸਨ। ਪੁਲੀਸ ਵੱਲੋਂ ਮੀਡੀਆ ਨੂੰ ਵੀ ਕੋਈ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਪੁਲੀਸ ਦੇ ਹੰਗਾਮੀ ਦਸਤੇ ਅਨੁਸਾਰ ਉਨ੍ਹਾਂ ਨੂੰ ਸਵੇਰੇ 7 ਵਜੇ ਕਿਸੇ ਗੜਬੜੀ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ।
Posted inNews
ਟੋਰਾਂਟੋ ਹਵਾਈ ਅੱਡੇ ’ਤੇ ਪੁਲੀਸ ਗੋਲੀਬਾਰੀ ਵਿਚ ਵਿਅਕਤੀ ਦੀ ਮੌਤ
