ਕੋਲਕਾਤਾ : ਸੁਪਰੀਮ ਕੋਰਟ ਵੱਲੋਂ ਅਧਿਆਪਕ ਭਰਤੀ ਪ੍ਰਕਿਰਿਆ ਨੂੰ ‘ਤਰੁੱਟੀਪੂਰਨ ਤੇ ਭ੍ਰਿਸ਼ਟ’ ਕਰਾਰ ਦੇਣ ਦੇ ਫ਼ੈਸਲੇ ਮਗਰੋਂ ਨੌਕਰੀ ਗੁਆਉਣ ਵਾਲੇ ਕੁਝ ਅਧਿਆਪਕਾਂ ਨੇ ਅੱਜ ਇੱਥੇ ਪੱਛਮੀ ਬੰਗਾਲ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।
ਨੌਕਰੀ ਗੁਆਉਣ ਵਾਲੇ ਅਧਿਆਪਕਾਂ ਤੇ ਹੋਰ ਸਟਾਫ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਦੱਖਣੀ ਕੋਲਕਾਤਾ ਦੇ ਕਸਬਾ ਸਥਿਤ ਜ਼ਿਲ੍ਹਾ ਇੰਸਪੈਕਟਰ (ਡੀਆਈ) ਦਫ਼ਤਰ ’ਚ ਉਨ੍ਹਾਂ ਦੇ ਸਾਥੀਆਂ ’ਤੇ ਪੁਲੀਸ ਕਾਰਵਾਈ ਦਾ ਵੀ ਵਿਰੋਧ ਕਰ ਰਹੇ ਹਨ। ਸਾਲਟ ਲੇਕ ’ਚ ਐੱਸਐੱਸਸੀ ਦਫ਼ਤਰ ਅੱਗੇ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਅਸੀਂ ਇੱਕ ਅਧਿਆਪਕ ਨਾਲ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਤੇ ਜਲਦੀ ਹੀ ਇਸ ਮੁੱਦੇ ’ਤੇ ਅਗਲਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ।’’ ਪ੍ਰਦਰਸ਼ਨਕਾਰੀ ਅਧਿਆਪਕ ਬੁੱਧਵਾਰ ਰਾਤ ਤੋਂ ਐੱਸਐੱਸਸੀ ਦਫ਼ਤਰ ਦੇ ਆਚਾਰੀਆ ਸਦਨ ਦੇ ਬਾਹਰ ਧਰਨਾ ਦੇ ਰਹੇ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਹਾਲਤ ਲਈ ਕਮਿਸ਼ਨ ਜ਼ਿੰਮੇਵਾਰ ਹੈ, ਕਿਉਂਕਿ ਉਸ ਨੇ ਇਹ ਫਰਕ ਨਹੀਂ ਕੀਤਾ ਕਿ ਕਿਸ ਉਮੀਦਵਾਰ ਨੇ ਫਰਜ਼ੀ ਤਰੀਕੇ ਨਾਲ ਨੌਕਰੀ ਹਾਸਲ ਕੀਤੀ ਅਤੇ ਕਿਸ ਨੇ ਨਹੀਂਂ।
ਯੋਗ ਅਧਿਆਪਕਾਂ ਵੱਲੋਂ ਸੈਂਟਰਲ ਐਵੇਨਿਊ ਤੇ ਸਿਆਲਦਾ ’ਚ ਰੈਲੀਆਂ
ਕੋਲਕਾਤਾ: ਪੱਛਮੀ ਬੰਗਾਲ ’ਚ ਲਗਪਗ 500 ‘ਯੋਗ’ ਅਧਿਆਪਕਾਂ ਨੇ ਨੌਕਰੀਆਂ ਖੁੱਸਣ ਖ਼ਿਲਾਫ਼ ਅੱਜ ਸ਼ਾਮ ਸੈਂਟਰਲ ਐਵੇਨਿਊ ਤੇ ਸਿਆਲਦਾ ’ਚ ਦੋ ਰੈਲੀਆਂ ਕੱਢ ਕੇ ਸਕੂੁਲ ਸੇਵਾ ਕਮਿਸ਼ਨ (ਐੱਸਐੈੱਸਸੀ) ਤੋਂ ਯੋਗ ਤੇ ਅਯੋਗ ਉਮੀਦਵਾਰਾਂ ਦੀ ਸੂੁਚੀ ਜਾਰੀ ਕਰਨ ਦੀ ਮੰਗ ਵੀ ਕੀਤੀ। ਰੈਲੀਆਂ ਦੌਰਾਨ ਪੁਲੀਸ ਫੋਰਸ ਵੀ ਮੌਜੂਦ ਸੀ ਪਰ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ‘ਜੋਗਯੋ ਸ਼ਿਕਸ਼ਕ ਮੰਚ’ (ਯੋਗ ਅਧਿਆਪਕ ਫੋਰਮ) ਦੇ ਇੱਕ ਤਰਜਮਾਨ ਮਹਿਬੂਬ ਮੰਡਲ ਨੇ ਕਿਹਾ ਕਿ ਯੋਗ ਤੇ ਦਾਗੀ ਉਮੀਦਵਾਰਾਂ ਵਿਚਾਲੇ ਫਰਕ ਕਰਨ ’ਚ ਐੱਸਐੱਸਸੀ ਦੀ ਨਾਕਾਮੀ ਲਈ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਚਾਹੀਦੀ।