ਤਖ਼ਤ ਦਮਦਮਾ ਸਾਹਿਬ ’ਚ ਵਿਸਾਖੀ ਮੇਲਾ ਅੱਜ ਤੋਂ

ਤਖ਼ਤ ਦਮਦਮਾ ਸਾਹਿਬ ’ਚ ਵਿਸਾਖੀ ਮੇਲਾ ਅੱਜ ਤੋਂ

ਤਲਵੰਡੀ ਸਾਬੋ : ਤਖ਼ਤ ਦਮਦਮਾ ਸਾਹਿਬ ਵਿੱਚ ਭਲਕੇ 11 ਤੋਂ 14 ਅਪਰੈਲ ਤੱਕ ਚਾਰ ਦਿਨ ਲੱਗਣ ਵਾਲੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਪ੍ਰਸ਼ਾਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਕੰਮਲ ਕਰ ਲਈਆਂ ਹਨ। ਵਿਸਾਖੀ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਆਸ ਹੈ। ਮੇਲੇ ਮੌਕੇ ਆਰਜ਼ੀ ਦੁਕਾਨਾਂ ਸਜ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ ਇੱਥੋਂ ਦੇ ਹੋਰ ਗੁਰਦੁਆਰਿਆਂ ਵਿੱਚ ਭਲਕੇ 11 ਅਪਰੈਲ ਨੂੰ ਅਖੰਡ ਪਾਠ ਆਰੰਭ ਹੋਣਗੇ ਅਤੇ ਵੈਸਾਖ ਮਹੀਨੇ ਦੀ ਸੰਗਰਾਂਦ ਮੌਕੇ 13 ਅਪਰੈਲ ਨੂੰ ਭੋਗ ਪਾਏ ਜਾਣਗੇ। ਤਖ਼ਤ ਦਮਦਮਾ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਸ਼ਰਧਾਲੂਆਂ ਦੇ ਖਾਣੇ ਅਤੇ ਰਿਹਾਇਸ਼ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾੜੇ ਅਨਸਰਾਂ ’ਤੇ ਨਜ਼ਰ ਰੱਖਣ ਲਈ ਤਖ਼ਤ ਸਾਹਿਬ ਦੀ ਹਦੂਦ ਅੰਦਰ ਕੈਮਰੇ ਲਾਉਣ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤਾਇਨਾਤ ਕੀਤੀ ਗਈ ਹੈ। ਤਖ਼ਤ ਸਾਹਿਬ ਸਮੇਤ ਹੋਰਨਾਂ ਧਾਰਮਿਕ ਸਥਾਨਾਂ, ਚੌਕਾਂ ਅਤੇ ਤਖ਼ਤ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਨੂੰ ਸਜਾਇਆ ਗਿਆ ਹੈ। ਇਸ ਦੌਰਾਨ ਬੁੱਢਾ ਦਲ ਦੇ ਮੁਖੀ 96ਵੇਂ ਕਰੋੜੀ ਜਥੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਨਿਹੰਗ ਸਿੰਘ ਦਮਦਮਾ ਸਾਹਿਬ ਪਹੁੰਚ ਚੁੱਕੇ ਹਨ, ਜੋ ਮੇਲੇ ਦੇ ਅਖ਼ੀਰਲੇ ਦਿਨ 14 ਅਪਰੈਲ ਨੂੰ ਖੁੱਲ੍ਹੇ ਮੈਦਾਨ ਵਿੱਚ ਜੌਹਰ ਦਿਖਾਉਣਗੇ।

ਦੂਜੇ ਪਾਸੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਨੇ ਸ਼ਹਿਰ ਨੂੰ ਵੱਖ-ਵੱਖ ਸੈਕਟਰਾਂ ਵਿੱਚ ਵੰਡ ਦਿੱਤਾ ਹੈ। ਹਰ ਸੈਕਟਰ ਵਿੱਚ ਬੂਥ ਬਣਾਏ ਗਏ ਹਨ ਜਿਨ੍ਹਾਂ ਦਾ ਸਿੱਧਾ ਸੰਪਰਕ ਕੰਟਰੋਲ ਰੂਮਾਂ ਨਾਲ ਰਹੇਗਾ। ਇਸ ਤੋਂ ਇਲਾਵਾ ਮੇਲੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ’ਚ ਪਹੁੰਚੇ ਪੁਲੀਸ ਮੁਲਾਜ਼ਮਾਂ ਨੇ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਆਵਾਜਾਈ ਕੰਟਰੋਲ ਕਰਨ ਲਈ ਸ਼ਹਿਰ ਨੂੰ ਬਾਹਰੋਂ ਆਉਂਦੇ ਰਸਤਿਆਂ ’ਤੇ ਆਰਜ਼ੀ ਅੱਡੇ ਬਣਾਏ ਗਏ ਹਨ ਅਤੇ ਟਰੈਫਿਕ ਪੁਲੀਸ ਤਾਇਨਾਤ ਕੀਤੀ ਗਈ ਹੈ। ਵਿਸਾਖੀ ਮੇਲੇ ਵਿੱਚ ਸ਼੍ਰੋਮਣੀ ਅਕਾਲੀ ਦਲ, ਬਸਪਾ, ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਲੱਖਾ ਸਿਧਾਣਾ ਵੱਲੋਂ ਕਾਨਫਰੰਸਾਂ ਕੀਤੀਆਂ ਜਾਣਗੀਆਂ ਜਿਨ੍ਹਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਹਾਕਮ ਧਿਰ ‘ਆਪ’ ਅਤੇ ਕਾਂਗਰਸ ਵੱਲੋਂ ਕਾਨਫਰੰਸ ਨਹੀਂ ਕੀਤੀ ਜਾਵੇਗੀ।

Share: