ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਸੋਮਵਾਰ ਨੂੰ 24 ਨਕਸਲੀਆਂ ਨੇ ਆਤਮ ਸਮਰਪਣ ਕੀਤਾ ਹੈ, ਜਿਨ੍ਹਾਂ ਵਿੱਚੋਂ 14 ਦੇ ਸਿਰ ’ਤੇ ਕੁੱਲ 28.50 ਲੱਖ ਰੁਪਏ ਦਾ ਇਨਾਮ ਸੀ। ਇਹ ਆਤਮ ਸਮਰਪਣ ਤਿਲੰਗਾਨਾ ਦੀ ਸਰਹੱਦ ਨਾਲ ਲੱਗਦੇ ਬੀਜਾਪੁਰ ਦੀਆਂ ਪਹਾੜੀਆਂ ’ਤੇ 21 ਅਪ੍ਰੈਲ ਤੋਂ ਚੱਲ ਰਹੇ ਲਗਭਗ 24,000 ਸੁਰੱਖਿਆ ਕਰਮਚਾਰੀਆਂ ਦੇ ਨਕਸਲ ਵਿਰੋਧੀ ਅਭਿਆਨ ਦੌਰਾਨ ਹੋਇਆ ਹੈ।
ਅਧਿਕਾਰੀ ਨੇ ਕਿਹਾ ਕਿ ਆਤਮ ਸਮਰਪਣ ਕਰਨ ਵਾਲਿਆਂ ਵਿਚ 11 ਔਰਤਾਂ ਸ਼ਾਮਲ ਹਨ। ਉਨ੍ਹਾਂ ਨੇ ਅਣਮਨੁੱਖੀ ਮਾਓਵਾਦੀ ਵਿਚਾਰਧਾਰਾ, ਅਤਿਵਾਦੀਆਂ ਵੱਲੋਂ ਸਥਾਨਕ ਆਦਿਵਾਸੀਆਂ ’ਤੇ ਅੱਤਿਆਚਾਰਾਂ ਅਤੇ ਗੈਰ-ਕਾਨੂੰਨੀ ਸੰਗਠਨ ਦੇ ਅੰਦਰ ਵਧ ਰਹੇ ਮਤਭੇਦਾਂ ਤੋਂ ਨਿਰਾਸ਼ਾ ਦਾ ਹਵਾਲਾ ਦਿੱਤਾ। ਬੀਜਾਪੁਰ ਦੇ ਪੁਲੀਸ ਸੁਪਰਡੈਂਟ ਜਤਿੰਦਰ ਕੁਮਾਰ ਯਾਦਵ ਨੇ ਕਿਹਾ ਉਹ ਸੁਰੱਖਿਆ ਕੈਂਪਾਂ ਦੇ ਆਲੇ-ਦੁਆਲੇ ਦੂਰ-ਦੁਰਾਡੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਰਾਜ ਸਰਕਾਰ ਦੀ ‘ਨਿਆਦ ਨੇਲਾਨਾਰ’ (ਤੁਹਾਡਾ ਚੰਗਾ ਪਿੰਡ) ਯੋਜਨਾ ਤੋਂ ਵੀ ਪ੍ਰਭਾਵਿਤ ਹਨ।’’ ਅਧਿਕਾਰੀ ਨੇ ਦੱਸਿਆ ਕਿ ਇਸ ਆਤਮ ਸਮਰਪਣ ਨਾਲ ਹੁਣ ਤੱਕ ਜ਼ਿਲ੍ਹੇ ਵਿਚ 203 ਨਕਸਲੀਆਂ ਨੇ ਹਥਿਆਰ ਸੁੱਟ ਦਿੱਤੇ ਹਨ, ਜਦੋਂ ਕਿ 90 ਮਾਰੇ ਗਏ ਹਨ ਅਤੇ 213 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਨੂੰ 50,000 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ ਅਤੇ ਸਰਕਾਰ ਦੀ ਨੀਤੀ ਅਨੁਸਾਰ ਉਨ੍ਹਾਂ ਦਾ ਪੁਨਰਵਾਸ ਕੀਤਾ ਜਾਵੇਗਾ। ਪੁਲਿਸ ਅਨੁਸਾਰ 2024 ਵਿਚ ਬਸਤਰ ਖੇਤਰ ਵਿਚ ਕੁੱਲ 792 ਨਕਸਲੀਆਂ ਨੇ ਆਤਮ ਸਮਰਪਣ ਕੀਤਾ।