ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਸਵੇਰੇ ਇੰਡਸਟਰੀਅਲ ਏਰੀਆ ਫੇਜ਼-1 ਦੇ ਨਾਲ ਲੱਗਦੀ ਸੰਜੇ ਕਲੋਨੀ ਵਿਚ ਬੁਲਡੋਜ਼ਰ ਚਲਾ ਦਿੱਤਾ ਹੈ। ਇਸ ਦੌਰਾਨ ਕਲੋਨੀ ਵਾਸੀਆਂ ਵੱਲੋਂ ਪ੍ਰਸ਼ਾਸਨ ਦੀ ਟੀਮ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਥੇ ਮੌਜੂਦ ਭਾਰੀ ਗਿਣਤੀ ਪੁਲਿਸ ਬਲ ਨੇ ਲੋਕਾਂ ਨੂੰ ਪਾਸੇ ਕੀਤਾ ਅਤੇ ਪ੍ਰਸ਼ਾਸਨ ਦੀ ਟੀਮ ਨੇ ਬੁਲਡੋਜ਼ਰ ਚਲਾ ਦਿੱਤਾ। ਯੂਟੀ ਪ੍ਰਸ਼ਾਸਨ ਨੇ ਅੱਜ ਸਵੇਰੇ ਸਵੇਰੇ ਹੀ ਸੰਜੇ ਕਲੋਨੀ ਵਿਖੇ ਸਥਿਤ ਇਕ ਹਜ਼ਾਰ ਦੇ ਕਰੀਬ ਝੁੱਗੀ ਝੋਪੜੀਆਂ ਨੂੰ ਢਾਹ ਦਿੱਤਾ ਹੈ। ਪ੍ਰਸ਼ਾਸਨ ਦੀ ਕਾਰਵਾਈ ਤੋਂ ਬਾਅਦ ਸੰਜੇ ਕਲੋਨੀ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਨੂੰ ਝੁੱਗੀ ਝੌਂਪੜੀਆਂ ਤੋਂ ਮੁਕਤ ਕਰਵਾਉਣ ਲਈ ਪਿਛਲੇ 20 ਸਾਲਾਂ ਵਿਚ ਕਲੋਨੀ ਨੰਬਰ-4, 5, ਮਜ਼ਦੂਰ ਕਲੋਨੀ, ਕੁਲਦੀਪ ਕਲੋਨੀ, ਪੰਡਿਤ ਕਲੋਨੀ, ਨਹਿਰੂ ਕਲੋਨੀ, ਅੰਬੇਡਕਰ ਕਲੋਨੀ, ਕਜ਼ਹੇੜੀ ਕਲੋਨੀ ਅਤੇ ਮਦਰਾਸੀ ਕਲੋਨੀ ਨੂੰ ਢਾਹ ਦਿੱਤਾ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਮਈ 2022 ਨੂੰ ਕਲੋਨੀ ਨੰਬਰ 4 ਨੂੰ ਢਾਹੁਣ ਦੀ ਮੁਹਿੰਮ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਸੀ।
ਉਸ ਸਮੇਂ ਪ੍ਰਸ਼ਾਸਨ ਨੇ 2,000 ਕਰੋੜ ਰੁਪਏ ਦੀ 65 ਏਕੜ ਜ਼ਮੀਨ ਖਾਲੀ ਕਰਵਾਈ ਸੀ। ਇਸ ਤੋਂ ਬਾਅਦ ਹੀ ਮਈ 2022 ਵਿੱਚ ਸੰਜੈ ਕਲੋਨੀ ਅਤੇ ਜਨਤਾ ਕਲੋਨੀ ਦੇ ਵਸਨੀਕਾਂ ਨੂੰ ਤੁਰੰਤ ਕਲੋਨੀਆਂ ਖਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਸਨ।