ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਯੂਟਿਊਬਰ ਰਣਵੀਰ ਅਲਾਹਾਬਾਦੀਆ Ranveer Alahabadia ਦਾ ਪਾਸਪੋਰਟ ਵਾਪਸ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਤਾਂ ਜੋ ਉਹ ਕੰਮ ਲਈ ਵਿਦੇਸ਼ ਜਾ ਸਕੇ। ਅਸਾਮ ਅਤੇ ਮਹਾਰਾਸ਼ਟਰ ਸਰਕਾਰਾਂ ਨੇ ਦੱਸਿਆ ਕਿ ਅਲਾਹਾਬਾਦੀਆ ਖ਼ਿਲਾਫ਼ ਜਾਂਚ ਪੂਰੀ ਹੋ ਗਈ ਹੈ, ਜਿਸ ਮਗਰੋਂ ਜਸਟਿਸ ਸੂਰਿਆ ਕਾਂਤ ਅਤੇ ਐੱਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਸ਼ਰਤ ਵਿੱਚ ਢਿੱਲ ਦੇ ਦਿੱਤੀ। ਬੈਂਚ ਨੇ ਅਲਾਹਾਬਾਦੀਆ ਨੂੰ ਪਾਸਪੋਰਟ ਵਾਪਸ ਲੈਣ ਲਈ ਮਹਾਰਾਸ਼ਟਰ ਸਾਈਬਰ ਪੁਲੀਸ ਬਿਊਰੋ ਨਾਲ ਸੰਪਰਕ ਕਰਨ ਲਈ ਕਿਹਾ ਹੈ।
ਸੁਪਰੀਮ ਕੋਰਟ ਨੇ ਅਲਾਹਾਬਾਦੀਆ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਨਵ ਚੰਦਰਚੂੜ ਨੂੰ ਕਿਹਾ ਕਿ ਅਗਲੀ ਸੁਣਵਾਈ ਦੌਰਾਨ ਉਨ੍ਹਾਂ ਦੇ ਮੁਵੱਕਿਲ ਖ਼ਿਲਾਫ਼ ਦਰਜ ਐੱਫਆਈਆਰਜ਼ ਇਕੱਠੀਆਂ ਕਰਕੇ ਇੱਕ ਥਾਂ ’ਤੇ ਲਿਆਉਣ ਦੀ ਉਨ੍ਹਾਂ ਦੀ ਅਪੀਲ ’ਤੇ ਵਿਚਾਰ ਕੀਤਾ ਜਾਵੇਗਾ। ਬੈਂਚ ਨੇ ਐੱਨਜੀਓ ਕਿਓਰ ਐੱਸਐੱਮਏ ਫਾਊਂਡੇਸ਼ਨ ਆਫ ਇੰਡੀਆ ਨੂੰ ‘ਇੰਡੀਆਜ਼ ਗੌਟ ਲੇਟੈਂਟ’ ਦੇ ਹੋਸਟ ਸਮਯ ਰੈਨਾ ਅਤੇ ਇਸ ਮਾਮਲੇ ਵਿੱਚ ਹੋਰ ਸਹਿ-ਮੁਲਜ਼ਮਾਂ ਨੂੰ ਮਹਾਰਾਸ਼ਟਰ ਅਤੇ ਅਸਾਮ ਪੁਲੀਸ ਰਾਹੀਂ ਮੁਕੱਦਮਾ ਚਲਾਉਣ ਦੀ ਇਜਾਜ਼ਤ ਵੀ ਦਿੱਤੀ ਹੈ।