ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਊਦੀ ਅਰਬ ਦਾ ਦੋ ਰੋਜ਼ਾ ਦੌਰਾ ਵਿਚਾਲੇ ਛੱਡ ਕੇ ਬੁੱਧਵਾਰ ਤੜਕੇ ਦਿੱਲੀ ਪਰਤ ਆਏੇ ਹਨ। ਸ੍ਰੀ ਮੋਦੀ ਨੇ ਲੰਘੇ ਦਿਨ ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ, ਜਿਸ ਵਿਚ 27 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਮਗਰੋਂ ਕਸ਼ਮੀਰ ਵਿਚ ਸੁਰੱਖਿਆ ਹਾਲਾਤ ਬਾਰੇ ਜਾਣਕਾਰੀ ਲਈ। ਇਸ ਮੌਕੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੀ ਮੌਜੂਦ ਸਨ।
ਸਰਕਾਰੀ ਸੂਤਰਾਂ ਨੇ ਕਿਹਾ, ‘‘ਦਿੱਲੀ ਪਹੁੰਚਣ ਤੋਂ ਤੁਰੰਤ ਬਾਅਦ, ਪ੍ਰਧਾਨ ਮੰਤਰੀ ਨੇ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਸੁਰੱਖਿਆ ਹਾਲਾਤ ‘ਤੇ ਚਰਚਾ ਲਈ ਹਵਾਈ ਅੱਡੇ ‘ਤੇ ਕੌਮੀ ਸੁਰੱਖਿਆ ਸਲਾਹਕਾਰ, ਵਿਦੇਸ਼ ਮੰਤਰੀ ਤੇ ਵਿਦੇਸ਼ ਸਕੱਤਰ ਨਾਲ ਸੰਖੇਪ ਮੀਟਿੰਗ ਕੀਤੀ।’’ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਸਰਕਾਰ ਸਾਰੇ ਵਿਕਲਪਾਂ ’ਤੇ ਵਿਚਾਰ ਕਰਨ ਮਗਰੋਂ ਅਗਲੀ ਕਾਰਵਾਈ ਬਾਰੇ ਸੁਚੱਜੇ ਢੰਗ ਨਾਲ ਫੈਸਲਾ ਕਰੇਗੀ।
ਕਾਬਿਲੇਗੌਰ ਹੈ ਕਿ ਦਹਿਸ਼ਤਗਰਦਾਂ ਨੇ ਮੰਗਲਵਾਰ ਸ਼ਾਮੀਂ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿਚ ਪ੍ਰਮੁੱਖ ਸੈਲਾਨੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ਵਿਚ ਘੱਟੋ ਘੱਟ 26 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਜਦੋਂਕਿ ਕਈ ਹੋਰ ਜ਼ਖ਼ਮੀ ਹੋ ਗਏ ਸਨ। ਮ੍ਰਿਤਕਾਂ ਵਿਚ ਦੋ ਵਿਦੇਸ਼ੀ ਨਾਗਰਿਕ-ਇਕ ਯੂਏਈ ਤੇ ਦੂਜਾ ਨੇਪਾਲ ਦਾ ਅਤੇ ਦੋ ਮੁਕਾਮੀ ਲੋਕ ਵੀ ਸ਼ਾਮਲ ਹਨ। ਦਹਿਸ਼ਤੀ ਹਮਲੇ ਵਿਚ ਮਾਰੇ ਗਏ ਵਿਅਕਤੀਆਂ ਵਿਚੋਂ ਪੰਜ ਜਣੇ ਮਹਾਰਾਸ਼ਟਰ ਨਾਲ ਸਬੰਧਤ ਹਨ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਉਨ੍ਹਾਂ ਨੂੰ ਵਾਪਸ ਲਿਆਉਣ ਦੇ ਪ੍ਰਬੰਧਾਂ ਬਾਰੇ ਰਸਮੀ ਬੇਨਤੀ ਕੀਤੀ ਹੈ। ਗੱਲਬਾਤ ਦੌਰਾਨ, ਸ਼ਿੰਦੇ ਨੇ ਨਾਇਡੂ ਨੂੰ ਜੰਮੂ-ਕਸ਼ਮੀਰ ਵਿੱਚ ਫਸੇ ਮਹਾਰਾਸ਼ਟਰ ਦੇ ਸੈਲਾਨੀਆਂ ਨੂੰ ਵਾਪਸ ਲਿਆਉਣ ਲਈ ਇੱਕ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕਰਨ ਦੀ ਬੇਨਤੀ ਵੀ ਕੀਤੀ। ਨਾਇਡੂ ਨੇ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਭਰੋਸਾ ਦਿੱਤਾ ਕਿ ਫਸੇ ਹੋਏ ਸੈਲਾਨੀਆਂ ਦੀ ਸੂਚੀ ਮਿਲਣ ਤੋਂ ਬਾਅਦ, ਉਨ੍ਹਾਂ ਨੂੰ ਇੱਕ ਵਿਸ਼ੇਸ਼ ਉਡਾਣ ਰਾਹੀਂ ਮੁੰਬਈ ਲਿਆਉਣ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਦੌਰਾਨ ਦਹਿਸ਼ਤੀ ਹਮਲੇ ਵਿਚ ਗਈਆਂ ਜਾਨਾਂ ਨੂੰ ਲੈਕੇ ਵੱਖ ਵੱਖ ਮੁਲਕਾਂ ਦੇ ਆਗੂਆਂ ਵੱਲੋਂ ਸੰਵੇਦਨਾਵਾਂ ਦਾ ਸਿਲਸਿਲਾ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਰਾਤ ਮੋਦੀ ਨਾਲ ਗੱਲ ਕੀਤੀ ਅਤੇ ਜਾਨੀ ਨੁਕਸਾਨ ’ਤੇ ਸੰਵੇਦਨਾ ਪ੍ਰਗਟ ਕੀਤੀ।
ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਇੱਕ ਪੱਤਰ ਲਿਖ ਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਸੀ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਵੀ UAE ਵਾਂਗ ਸੰਵੇਦਨਾ ਭੇਜੀ ਹੈ। ਉਧਰ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਟਵੀਟ ਕੀਤਾ, “ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੇ ਪੀੜਤਾਂ ਪ੍ਰਤੀ ਡੂੰਘੀ ਸੰਵੇਦਨਾ। ਨੇਪਾਲ ਭਾਰਤ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਅਤਿਵਾਦ ਦੀ ਸਖ਼ਤ ਨਿੰਦਾ ਕਰਦਾ ਹੈ। ਪੀੜਤਾਂ ਵਿੱਚ ਇੱਕ ਨੇਪਾਲੀ ਨਾਗਰਿਕ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਦੀ ਪੁਸ਼ਟੀ ਕਰਨ ਲਈ ਨਜ਼ਦੀਕੀ ਤਾਲਮੇਲ ਸਥਾਪਤ ਕੀਤਾ ਗਿਆ ਹੈ ਅਤੇ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।’’