ਬੰਗਾ : ਇਥੇ ਦੋ ਮਹੀਨੇ ਪਹਿਲਾਂ ਕੈਨੇਡੀਅਨ ਪਰਿਵਾਰ ਢਾਈ ਸਾਲ ਦੀ ਪਾਲਤੂ ਕਤੂਰੀ ‘ਬੈਲੀ’ ਨੂੰ ਵੀ ਕੈਨੇਡਾ ਤੋਂ ਨਾਲ ਲਿਆਇਆ ਸੀ। ਅੱਜ ਉਸ ਦੀ ਕੈਨੇਡਾ ਵਾਪਸੀ ਸੀ। ਇੱਥੋਂ ਨੇੜਲੇ ਪਿੰਡ ਢਾਹਾਂ ਤੋਂ ਵਿਦਾਇਗੀ ਮੌਕੇ ਆਂਢ-ਗੁਆਂਢ ਸਣੇ ਪਰਿਵਾਰਕ ਮਾਹੌਲ ਭਾਵੁਕ ਬਣਿਆ ਰਿਹਾ। ਪਰਿਵਾਰ ਦੇ ਬਾਕੀ ਮੈਂਬਰਾਂ ਵਾਂਗ ਉਸ ਨੂੰ ਵੀ ਸ਼ਗਨ ਦੇ ਕੇ ਰਵਾਨਾ ਕੀਤਾ ਗਿਆ। ਉਸ ਦੇ ਮਾਲਕ ਮਨਵੀਰ ਨੇ ਦੱਸਿਆ ਕਿ ‘ਬੈਲੀ’ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣ ਕੇ ਮੋਹ ਲੈ ਰਹੀ ਹੈ। ਉਨ੍ਹਾਂ ਨੇ ਉਸ ਨੂੰ ਸਰੀ ਵਾਲੇ ਘਰ ਵਿੱਚ ਪਾਲਿਆ ਹੈ। ਉਹ ਉਸ ਨੂੰ ਆਪਣੇ ਪਿੰਡ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਾਲ ਹੀ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ‘ਬੈਲੀ’ ਨੂੰ ਭਾਰਤ ਲਿਆਉਣ ਲਈ ਉਸ ਦੇ ਪਾਸਪੋਰਟ ਅਤੇ ਇਮੀਗ੍ਰੇਸ਼ਨ ਸਬੰਧੀ ਦੋਵਾਂ ਮੁਲਕਾਂ ਦੀਆਂ ਅੰਬੈਸੀਆਂ ਅਤੇ ਮੈਡੀਕਲ ਵਿਭਾਗਾਂ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ। ਇੱਥੋਂ ਦੇ ਮੌਸਮ ਅਨੁਸਾਰ ‘ਬੈਲੀ’ ਦੇ ਰਹਿਣ ਦਾ ਲੋੜੀਂਦਾ ਪ੍ਰਬੰਧ ਵੀ ਕੀਤਾ ਗਿਆ ਸੀ। ‘ਬੈਲੀ’ ਦੀ ਨਸਲ ਪਮੇਰੀਅਨ ਹੈ ਜੋ ਪਰਿਵਾਰਕ ਮਾਹੌਲ ਵਿੱਚ ਰਚਣ ਅਤੇ ਘਰ ਦਾ ਖ਼ਿਆਲ ਰੱਖਣ ਪੱਖਾਂ ਤੋਂ ਵਧੀਆ ਮੰਨੀ ਜਾਂਦੀ ਹੈ। ਅੱਜ ਉਸ ਦੀ ਕੈਨੇਡਾ ਨੂੰ ਵਾਪਸੀ ਸਮੇਂ ਸਾਰਿਆਂ ਨੇ ਉਸ ਨਾਲ ਤਸਵੀਰਾਂ ਵੀ ਖਿਚਾਈਆਂ।
Posted inNews
ਭਾਵੁਕ ਮਾਹੌਲ ’ਚ ‘ਬੈਲੀ’ ਦੀ ਕੈਨੇਡਾ ਵਾਪਸੀ
