ਚਿੱਟੀਸਿੰਘਪੁਰਾ(ਅਨੰਤਨਾਗ) : ਬੈਸਰਨ, ਜਿੱਥੇ 25 ਸੈਲਾਨੀਆਂ ਤੇ ਇਕ ਮੁਕਾਮੀ ਵਿਅਕਤੀ ਨੂੰ ਦਹਿਸ਼ਤਗਰਦਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ, ਤੋਂ ਕਰੀਬ 50 ਕਿਲੋਮੀਟਰ ਦੀ ਦੂਰੀ ’ਤੇ ਵਸੇ ਪਿੰਡ ਚਿੱਟੀਸਿੰਘਪੁਰਾ ਦੇ ਜ਼ਖ਼ਮ 25 ਸਾਲਾਂ ਬਾਅਦ ਮੁੁੜ ਅੱਲੇ ਹੋ ਗਏ ਹਨ। ਅਨੰਤਨਾਗ ਜ਼ਿਲ੍ਹੇ ਦੇ ਇਸ ਸਿੱਖ ਬਹੁਗਿਣਤੀ ਵਾਲੇ ਪਿੰਡ ਨੇ 20 ਮਾਰਚ, 2000 ਨੂੰ ਭਿਆਨਕ ਕਤਲੇਆਮ ਦਾ ਸਾਹਮਣਾ ਕੀਤਾ ਸੀ। ਜਦੋਂ ਫੌਜੀ ਵਰਦੀ ਵਿੱਚ ਆਏ ਦਹਿਸ਼ਤਗਰਦਾਂ ਨੇ ਗੁਰਦੁਆਰੇ ਨੇੜੇ ਪਿੰਡ ਵਾਸੀਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਘੇਰ ਕੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਕਤਲੇਆਮ ਵਿਚ 35 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ।
ਜੰਮੂ ਕਸ਼ਮੀਰ ਦੇ ਹਿੰਸਕ ਇਤਿਹਾਸ ਦੇ ਸਭ ਤੋਂ ਭਿਆਨਕ ਕਤਲੇਆਮ ਵਿੱਚੋਂ ਇੱਕ ਨੇ ਸਿੱਖ ਭਾਈਚਾਰੇ, ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਹਿਜਰਤ ਦੇ ਬਾਵਜੂਦ ਵਾਦੀ ਵਿੱਚ ਰਹਿਣ ਦੀ ਚੋਣ ਕੀਤੀ, ਵਿੱਚ ਧੁਰ ਅੰਦਰ ਤੱਕ ਡਰ ਪੈਦਾ ਕੀਤਾ। ਪਹਿਲਗਾਮ ਹਮਲੇ ਨਾਲ ਕਰੀਬ 2,000 ਦੀ ਵਸੋਂ ਵਾਲੇ ਇਸ ਪਿੰਡ, ਜਿੱਥੇ ਬਹੁਗਿਣਤੀ ਸਿੱਖ ਪਰਿਵਾਰਾਂ ਦੀ ਹੈ, ਵਿੱਚ ਅਤੀਤ ਦਾ ਦਰਦ ਅਤੇ ਦਹਿਸ਼ਤ ਮੁੜ ਉੱਭਰ ਆਈ ਹੈ।
ਸਾਲ 2000 ਦੇ ਕਤਲੇਆਮ ਦੌਰਾਨ ਇਕਲੌਤੇ ਬਚੇ 70 ਸਾਲਾ ਨਾਨਕ ਸਿੰਘ ਲਈ, ਹਾਲ ਹੀ ਵਿੱਚ ਹੋਈਆਂ ਹੱਤਿਆਵਾਂ ਨੇ, ਦੋ ਦਹਾਕੇ ਪਹਿਲਾਂ ਦੀ ਉਸ ਰਾਤ ਦੇ ਸਦਮੇ ਨੂੰ ਵਾਪਸ ਲੈ ਆਂਦਾ ਹੈ। ਉਸ ਨੇ ਆਪਣੇ ਪੁੱਤਰ ਸਮੇਤ ਆਪਣੇ ਪਰਿਵਾਰ ਦੇ ਸੱਤ ਜੀਅ ਕਤਲੇਆਮ ਵਿੱਚ ਗੁਆਏ ਸਨ।
ਸੇਵਾਮੁਕਤ ਸਰਕਾਰੀ ਕਰਮਚਾਰੀ ਨਾਨਕ ਸਿੰਘ ਨੇ ਦਿ ਟ੍ਰਿਬਿਊਨ ਨੂੰ ਦੱਸਿਆ, ‘‘ਜਦੋਂ ਪਹਿਲਗਾਮ ਹਮਲੇ ਦੀ ਖ਼ਬਰ ਆਈ ਤਾਂ ਅਸੀਂ ਉਸ ਰਾਤ ਖਾਣਾ ਨਹੀਂ ਖਾ ਸਕੇ। ਟੀਵੀ ’ਤੇ ਕਤਲੇਆਮ ਦੀਆਂ ਹੀ ਤਸਵੀਰਾਂ ਸਨ। ਇੰਝ ਲੱਗਾ ਜਿਵੇਂ 20 ਮਾਰਚ, 2000 ਨੂੰ ਮੁੜ ਤੋਂ ਚਲਾਇਆ ਜਾ ਰਿਹਾ ਹੋਵੇ। ਮੇਰਾ ਪੁੱਤਰ ਵੀ ਬੇਰਹਿਮੀ ਨਾਲ ਮਾਰਿਆ ਗਿਆ ਸੀ। ਉਨ੍ਹਾਂ ਇੱਕ 17 ਸਾਲ ਦੇ ਮੁੰਡੇ ਨੂੰ ਵੀ ਨਹੀਂ ਬਖਸ਼ਿਆ।’’
ਮੰਗਲਵਾਰ ਦੇ ਕਤਲੇਆਮ ਤੋਂ ਬਾਅਦ ਪਿੰਡ ਸਦਮੇ ਵਿੱਚ ਹੈ। ਪਿੰਡ ਦੇ ਹੀ ਇਕ ਹੋਰ ਬਜ਼ੁਰਗ ਜੋਗਿੰਦਰ ਸਿੰਘ ਨੇ ਕਿਹਾ, ‘‘ਅਸੀਂ ਉਸ ਸ਼ਾਮ ਆਪਣੇ ਦਰਵਾਜ਼ੇ ਬੰਦ ਕਰ ਲਏ, ਬਾਹਰ ਪੈਰ ਰੱਖਣ ਤੋਂ ਡਰਦੇ ਸੀ, ਭਾਵੇਂ ਇਹ (ਦਹਿਸ਼ਤੀ ਹਮਲਾ) ਕਈ ਕਿਲੋਮੀਟਰ ਦੂਰ ਹੋਇਆ ਸੀ, ਪਰ ਸਾਡੇ ਜ਼ਖ਼ਮ ਮੁੜ ਅੱਲੇ ਹੋ ਗਏ ਹਨ।’’
ਚਿੱਟੀਸਿੰਘਪੁਰਾ ਪਿੰਡ ਨੇ ਭਾਵੇਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੈ, ਪਰ ਕਤਲੇਆਮ ਨੇ ਅਮਿੱਟ ਛਾਪ ਛੱਡੀ ਹੈ। ਨਾਨਕ ਸਿੰਘ ਦੇ ਘਰ ਤੋਂ ਕੁਝ ਮੀਟਰ ਦੂਰ, ਕੰਕਰੀਟ ਦੀਆਂ ਤਾਰਾਂ ਨਾਲ ਘਿਰੀ ਸੀਆਰਪੀਐੱਫ ਦੀ ਇੱਕ ਚੌਕੀ, ਅਤਿਵਾਦੀਆਂ ਵੱਲੋਂ ਕੀਤੇ ਗਏ ਖੂਨ-ਖਰਾਬੇ ਦੀ ਭਿਆਨਕ ਯਾਦ ਦਿਵਾਉਂਦੀ ਹੈ।
ਹਾਲ ਹੀ ਵਿੱਚ ਪਿੰਡ ਵਾਸੀਆਂ ਨੇ ਉਸ ਗੁਰਦੁਆਰੇ ਦੀ ਮੁਰੰਮਤ ਸ਼ੁਰੂ ਕੀਤੀ ਜਿੱਥੇ ਕਤਲੇਆਮ ਹੋਇਆ ਸੀ। ਹਾਲਾਂਕਿ, ਉਹ ਮੰਨਦੇ ਹਨ ਕਿ ਅੱਗੇ ਵਧਣਾ ਹਕੀਕਤ ਦੇ ਦਾਇਰੇ ਤੋਂ ਪਰੇ ਹੈ। ਪਿੰਡ ਦੇ ਇਕ ਬਜ਼ੁਰਗ ਨੇ ਕਿਹਾ, ‘‘ਲੋਕ ਕਹਿੰਦੇ ਹਨ ਕਿ ਕਸ਼ਮੀਰ ਵਿੱਚ ਸ਼ਾਂਤੀ ਵਾਪਸ ਆ ਰਹੀ ਹੈ, ਪਰ ਇਹ ਹਮਲੇ ਸਾਨੂੰ ਯਾਦ ਦਿਵਾਉਂਦੇ ਹਨ ਕਿ ਮਨੁੱਖੀ ਰੂਪ ਵਿੱਚ ਦੈਂਤ ਅਜੇ ਵੀ ਸਾਡੇ ਆਲੇ ਦੁਆਲੇ ਘੁੰਮ ਰਹੇ ਹਨ, ਸਾਡੀਆਂ ਜ਼ਿੰਦਗੀਆਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’’