ਪਰਵਾਸੀ ਮਜ਼ਦੂਰਾਂ ਨੂੰ ਪਿੰਡ ’ਚੋਂ ਬਾਹਰ ਜਾਣ ਦੇ ਨਿਰਦੇਸ਼

ਪਰਵਾਸੀ ਮਜ਼ਦੂਰਾਂ ਨੂੰ ਪਿੰਡ ’ਚੋਂ ਬਾਹਰ ਜਾਣ ਦੇ ਨਿਰਦੇਸ਼

ਬਨੂੜ : ਨੇੜਲੇ ਪਿੰਡ ਬੂਟਾ ਸਿੰਘ ਵਾਲਾ ਵਿਖੇ ਸਰਪੰਚ ਜਰਨੈਲ ਸਿੰਘ ਅਤੇ ਪੰਚਾਇਤ ਦੀ ਅਗਵਾਈ ਹੇਠ ਹੋਏ ਗ੍ਰਾਮ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪਿੰਡ ਦੀ ਆਬਾਦੀ ਵਿਚ ਰਹਿੰਦੇ ਪਰਵਾਸੀ ਮਜ਼ਦੂਰਾਂ ਨੂੰ 30 ਅਪਰੈਲ ਤੱਕ ਪਿੰਡ ਵਿੱਚੋਂ ਬਾਹਰ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਿੰਡ ਵਿਚ ਕਿਰਾਏ ਦੇ ਮਕਾਨਾਂ ਵਿਚ 100 ਤੋਂ ਵੱਧ ਮਜ਼ਦੂਰ ਰਹਿੰਦੇ ਹਨ।

ਪੰਚਾਇਤ ਵੱਲੋਂ ਇਸ ਸਬੰਧੀ ਲੈਟਰਪੈਡ ਉੱਤੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਕਿ ਆਬਾਦੀ ਤੋਂ ਬਾਹਰ ਖੇਤਾਂ ਵਿਚ ਪਰਵਾਸੀ ਮਜ਼ਦੂਰ ਰੱਖੇ ਜਾ ਸਕਦੇ ਹਨ। ਰਿਹਾਇਸ਼ੀ ਖੇਤਰ ਵਿਚਲੇ ਪਰਵਾਸੀ ਮਜ਼ਦੂਰਾਂ ਅਤੇ ਜਿਨ੍ਹਾਂ ਮਕਾਨਾਂ ਵਿਚ ਉਹ ਮਜ਼ਦੂਰ ਰਹਿੰਦੇ ਹਨ ਉਨ੍ਹਾਂ ਦੇ ਮਾਲਕਾਂ ਨੂੰ ਵੀ 30 ਅਪਰੈਲ ਤੱਕ ਮਜ਼ਦੂਰਾਂ ਨੂੰ ਪਿੰਡ ਵਿਚੋਂ ਬਾਹਰ ਭੇਜਣ ਲਈ ਕਿਹਾ ਗਿਆ ਹੈ। ਸਰਪੰਚ ਅਤੇ ਪੰਚਾਇਤ ਵੱਲੋਂ ਇਕ ਹੋਰ ਨਿਰਦੇਸ਼ ਤਹਿਤ ਰਾਤੀਂ ਦਸ ਵਜੇ ਤੋਂ ਬਾਅਦ ਕਿਸੇ ਵੀ ਸ਼ੱਕੀ ਅਤੇ ਪਰਵਾਸੀ ਨੂੰ ਬਿਨਾਂ ਕਿਸੇ ਲੋੜ ਤੋਂ ਗਲੀਆਂ ਵਿੱਚੋਂ ਘੁੰਮਣ ਦੀ ਪਾਬੰਦੀ ਹੋਵੇਗੀ। ਪੰਚਾਇਤ ਅਨੁਸਾਰ ਅਜਿਹਾ ਇਸ ਲਈ ਕੀਤਾ ਗਿਆ ਹੈ, ਕਿਉਂਕਿ ਕਈ ਪਰਵਾਸੀ ਮਜ਼ਦੂਰ ਆਪੋ-ਆਪਣੇ ਸੂਬਿਆਂ ਵਿਚੋਂ ਲੜਕੀਆਂ ਨੂੰ ਭਜਾ ਲਿਆਉਂਦੇ ਹਨ ਅਤੇ ਪਿੰਡ ਵਿਚ ਆ ਕੇ ਰਹਿਣ ਲੱਗ ਜਾਂਦੇ ਹਨ।

ਖੇਤਾਂ ਵਿੱਚ ਰਹਿਣ ’ਤੇ ਪਾਬੰਦੀ ਨਹੀਂ

ਪੰਚਾਇਤ ਵੱਲੋਂ ਮਤੇ ਦੀ ਕਾਪੀ ਪ੍ਰਸ਼ਾਸਨ ਨੂੰ ਭੇਜਣ ਦੀ ਵੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਪਰਵਾਸੀ ਮਜ਼ਦੂਰਾਂ ਨੂੰ ਰਹਿਣ ’ਤੇ ਕੋਈ ਪਾਬੰਦੀ ਨਹੀਂ ਹੈ। ਇਸ ਇਕੱਠ ਮੌਕੇ ਸਰਪੰਚ ਜਰਨੈਲ ਸਿੰਘ, ਇਕਬਾਲ ਸਿੰਘ, ਗਗਨਦੀਪ ਸਿੰਘ, ਜੋਗਿੰਦਰ ਸਿੰਘ, ਸਤਪਾਲ ਸਿੰਘ, ਬਲਜਿੰਦਰ ਸਿੰਘ, ਦਲਜੀਤ ਸਿੰਘ, ਗੁਰਪਿਆਰ ਸਿੰਘ, ਇੰਦਰਜੀਤ ਸਿੰਘ, ਹਰਦੀਪ ਸਿੰਘ, ਹਰਜਿੰਦਰ ਸਿੰਘ, ਦਰਸ਼ਨ ਸਿੰਘ, ਪਰਮਿੰਦਰ ਸਿੰਘ, ਗੁਰਜਿੰਦਰ ਸਿੰਘ, ਬਲਕਾਰ ਸਿੰਘ, ਸਚਵਿੰਦਰ ਸਿੰਘ, ਭਵਿੰਦਰ ਸਿੰਘ, ਅਮਨਦੀਪ ਸਿੰਘ, ਜੋਗਿੰਦਰ ਸਿੰਘ, ਅਰਵਿੰਦਰ ਸਿੰਘ ਆਦਿ ਹਾਜ਼ਰ ਸਨ।

Share: