ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਆਮਦ ਵਧੀ

ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਆਮਦ ਵਧੀ

ਚੰਡੀਗੜ੍ਹ : ਪੰਜਾਬ ਵਿੱਚ ਕਿਸਾਨਾਂ ਵੱਲੋਂ ਪਿਛਲੇ 2-3 ਦਿਨਾਂ ਤੋਂ ਤੇਜ਼ੀ ਨਾਲ ਕਣਕ ਦੀ ਵਾਢੀ ਕੀਤੀ ਜਾ ਰਹੀ ਹੈ। ਇਸੇ ਸਦਕਾ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਨੇ ਜ਼ੋਰ ਫੜ ਲਿਆ ਹੈ। ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ ਦੋ ਲੱਖ ਐੱਮਟੀ ਤੋਂ ਵੱਧ ਕਣਕ ਦੀ ਆਮਦ ਹੋ ਚੁੱਕੀ ਹੈ। ਇਸ ਵਿੱਚੋਂ 1.12 ਲੱਖ ਟਨ ਕਣਕ ਅੱਜ ਪੰਜਾਬ ਦੀਆਂ ਮੰਡੀਆਂ ਵਿੱਚ ਆਈ, ਜਿਸ ਦੀ ਸਰਕਾਰ ਵੱਲੋਂ ਖਰੀਦ ਕੀਤੀ ਜਾ ਰਹੀ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ 1 ਅਪਰੈਲ ਤੋਂ ਸ਼ੁਰੂ ਹੋ ਗਈ ਸੀ, ਪਰ 12 ਅਪਰੈਲ ਤੱਕ ਮੰਡੀਆਂ ਵਿੱਚ ਸਿਰਫ਼ 42 ਹਜ਼ਾਰ ਟਨ ਕਣਕ ਦੀ ਆਮਦ ਹੀ ਹੋਈ ਸੀ। 13 ਅਪਰੈਲ ਨੂੰ ਪੰਜਾਬ ਦੀਆਂ ਮੰਡੀਆਂ ਵਿੱਚ 43199 ਟਨ ਕਣਕ, ਜਦੋਂਕਿ ਅੱਜ 1.12 ਲੱਖ ਟਨ ਕਣਕ ਦੀ ਆਮਦ ਹੋਈ। ਇਸ ਨਾਲ ਪੰਜਾਬ ਦੀਆਂ ਮੰਡੀਆਂ ਵਿੱਚ ਕੁੱਲ ਕਣਕ ਦੀ ਆਮਦ ਦੋ ਲੱਖ ਟਨ ਤੋਂ ਟੱਪ ਗਈ ਹੈ।

ਇਸ ਵਿੱਚੋਂ 1.48 ਲੱਖ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। 1.16 ਲੱਖ ਟਨ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ, ਜਦੋਂਕਿ 31952 ਟਨ ਕਣਕ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦੀ ਗਈ ਹੈ। ਇਸ ਵਿੱਚੋਂ ਅੱਜ ਸਰਕਾਰ ਨੇ 87033 ਐੱਮਟੀ ਕਣਕ ਦੀ ਖਰੀਦ ਕੀਤੀ ਹੈ। ਇਸ ਵਿੱਚ ਸਰਕਾਰੀ ਖਰੀਦ ਏਜੰਸੀਆਂ ਨੇ 70765 ਟਨ ਅਤੇ ਪ੍ਰਾਈਵੇਟ ਵਪਾਰੀਆਂ ਨੇ 16267 ਟਨ ਕਣਕ ਦੀ ਖਰੀਦ ਕੀਤੀ ਹੈ। ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਦੀ ਖਰੀਦ ਉਪਰੰਤ ਅਦਾਇਗੀ ਵੀ ਨਾਲੋਂ-ਨਾਲ ਕੀਤੀ ਜਾ ਰਹੀ ਹੈ।

ਲਿਫਟਿੰਗ ਦੀ ਰਫ਼ਤਾਰ ਘੱਟ

ਸਰਕਾਰ ਵੱਲੋਂ ਮੰਡੀਆਂ ਵਿੱਚ ਆ ਰਹੀ ਕਣਕ ਦੀ ਖਰੀਦ ਨਾਲੋ-ਨਾਲ ਕੀਤੀ ਜਾ ਰਹੀ ਹੈ, ਪਰ ਲਿਫਟਿੰਗ ਦੀ ਰਫ਼ਤਾਰ ਘੱਟ ਹੈ। ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ 1.48 ਲੱਖ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਦੋਂਕਿ ਲਿਫਟਿੰਗ ਸਿਰਫ਼ 11 ਫ਼ੀਸਦ ਕਣਕ ਭਾਵ 15746 ਟਨ ਕਣਕ ਦੀ ਕੀਤੀ ਜਾ ਸਕੀ ਹੈ। ਇਸ ਵਿੱਚੋਂ ਵੀ 10994 ਟਨ ਕਣਕ ਦੀ ਲਿਫਟਿੰਗ ਅੱਜ ਕੀਤੀ ਗਈ ਹੈ। ਉਧਰ, ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਖਰੀਦ ਤੇ ਲਿਫਟਿੰਗ ਦਾ ਕੰਮ ਨਾਲੋ-ਨਾਲ ਨੇਪਰੇ ਚਾੜ੍ਹਿਆ ਜਾਵੇਗਾ।

Share: