ਸ੍ਰੀਨਗਰ : ਪਿਛਲੇ ਪੰਜ ਦਿਨਾਂ ਤੋਂ ਕੰਟਰੋਲ ਰੇਖਾ ਦੇ ਨਾਲ ਗੋਲੀਬੰਦੀ ਦੀ ਕੀਤੀ ਜਾ ਰਹੀ ਉਲੰਘਣਾ ਦਰਮਿਆਨ ਪਾਕਿਸਤਾਨੀ ਸਲਾਮਤੀ ਦਸਤਿਆਂ ਨੇ ਜੰਮੂ ਖੇਤਰ ਵਿਚ ਕੌਮਾਂਤਰੀ ਸਰਹੱਦ ਦੇ ਨਾਲ ਬਿਨਾਂ ਕਿਸੇ ਭੜਕਾਹਟ ਤੋਂ ਗੋਲੀਬਾਰੀ ਕੀਤੀ ਹੈ, ਜਿਸ ਦਾ ਭਾਰਤੀ ਸੁਰੱਖਿਆ ਬਲਾਂ ਨੇ ‘ਅਸਰਦਾਰ ਢੰਗ’ ਨਾਲ ਜਵਾਬ ਦਿੱਤਾ ਹੈ। ਪਹਿਲਗਾਮ ਵਿਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਮਗਰੋਂ ਨਵੀਂ ਦਿੱਲੀ ਤੇ ਇਸਲਾਮਾਬਾਦ ਵਿਚ ਬਣੀ ਤਲਖੀ ਦਰਮਿਆਨ ਇਹ ਲਗਾਤਾਰ ਛੇਵੀਂ ਰਾਤ ਹੈ ਜਦੋਂ ਪਾਕਿਸਤਾਨ ਨੇ ਐੱਲਓਸੀ ਦੇ ਨਾਲ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ।
ਫੌਜ ਮੁਤਾਬਕ 29 ਤੇ 30 ਅਪਰੈਲ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਨੇ ਜੰਮੂ ਕਸ਼ਮੀਰ ਦੇ ਨੌਸ਼ਹਿਰਾ, ਸੁੰਦਰਬਨੀ ਤੇ ਅਖਨੂਰ ਸੈਕਟਰਾਂ ਵਿਚ ਐੱਲਓਸੀ ਦੇ ਨਾਲ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਫਾਇਰਿੰਗ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਫੌਜ ਨੇ ਬੜੀ ਫੁਰਤੀ ਨਾਲ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ।
ਉਨ੍ਹਾਂ ਕਿਹਾ ਕਿ ਕਸ਼ਮੀਰ ਘਾਟੀ ਦੇ ਬਾਰਾਮੂਲਾ ਅਤੇ ਕੁਪਵਾੜਾ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ ਦੇ ਪਾਰ ਅਤੇ ਜੰਮੂ ਜ਼ਿਲ੍ਹੇ ਦੇ ਪਰਗਵਾਲ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਦੇ ਪਾਰ ਪਾਕਿਸਤਾਨੀ ਚੌਕੀਆਂ ਤੋਂ ਵੀ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਦੀਆਂ ਅਜਿਹੀਆਂ ਹੀ ਘਟਨਾਵਾਂ ਦੀ ਰਿਪੋਰਟ ਕੀਤੀ ਗਈ ਹੈ।
ਸਰਹੱਦ ਪਾਰੋਂ ਗੋਲੀਬਾਰੀ ਦੀ ਸ਼ੁਰੂਆਤ ਕੁਪਵਾੜਾ ਤੇ ਬਾਰਾਮੂਲਾ ਜ਼ਿਲ੍ਹਿਆਂ ਤੋਂ ਸ਼ੁਰੂ ਹੋਈ ਤੇ ਮਗਰੋਂ ਪੁਣਛ ਤੇ ਅਖਨੂਰ ਸੈਕਟਰਾਂ ਵਿਚ ਫੈਲ ਗਈ। ਇਸ ਤੋਂ ਬਾਅਦ ਰਾਜੌਰੀ ਜ਼ਿਲ੍ਹੇ ਵਿਚ ਸੁੰਦਰਬਨੀ ਤੇ ਨੌਸ਼ਹਿਰਾ ਸੈਕਟਰਾਂ ਅਤੇ ਪਰਗਵਾਲ ਸੈਕਟਰ ਵਿਚ ਕੌਮਾਂਤਰੀ ਸਰਹੱਦ ਦੇ ਨਾਲ ਵੀ ਬਿਨਾਂ ਭੜਕਾਹਟ ਤੋਂ ਫਾਇਰਿੰਗ ਕੀਤੀ ਗਈ।
ਇਹ ਪਿਛਲੇ ਹਫ਼ਤੇ ਤੋਂ ਬਾਅਦ ਕੌਮਾਂਤਰੀ ਸਰਹੱਦ ’ਤੇ ਗੋਲੀਬਾਰੀ ਦਾ ਪਹਿਲਾ ਮਾਮਲਾ ਹੈ, ਕਿਉਂਕਿ ਇਸ ਤੋਂ ਪਹਿਲਾਂ ਦੀਆਂ ਘਟਨਾਵਾਂ ਜ਼ਿਆਦਾਤਰ ਕੰਟਰੋਲ ਰੇਖਾ(LOC) ਸੈਕਟਰਾਂ ਤੱਕ ਹੀ ਸੀਮਤ ਸਨ।
ਪਹਿਲਗਾਮ ਦਹਿਸ਼ਤੀ ਹਮਲੇ ਵਿੱਚ 26 ਲੋਕਾਂ ਦੀ ਮੌਤ ਦੇ ਜਵਾਬ ਵਿੱਚ ਭਾਰਤ ਵੱਲੋਂ ਸਿੰਧੂ ਜਲ ਸੰਧੀ ਮੁਅੱਤਲ ਕਰਨ ਤੋਂ ਥੋੜ੍ਹੀ ਦੇਰ ਬਾਅਦ, 24 ਅਪਰੈਲ ਦੀ ਰਾਤ ਤੋਂ ਪਾਕਿਸਤਾਨੀ ਫੌਜਾਂ ਕਸ਼ਮੀਰ ਵਾਦੀ ਤੋਂ ਸ਼ੁਰੂ ਹੋ ਕੇ ਜੰਮੂ ਅਤੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਵੱਖ-ਵੱਖ ਥਾਵਾਂ ’ਤੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕਰ ਰਹੀਆਂ ਹਨ।