ਪਾਕਿਸਤਾਨ ’ਚ ਸੁਰੱਖਿਆ ਬਲਾਂ ਵੱਲੋਂ 17 ਅਤਿਵਾਦੀ ਢੇਰ

ਪੇਸ਼ਾਵਰ : ਪਾਕਿਸਤਾਨੀ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ’ਤੇ ਆਪ੍ਰੇਸ਼ਨ ਦੌਰਾਨ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਸਬੰਧਤ 17 ਹੋਰ ਅਤਿਵਾਦੀਆਂ ਨੂੰ ਮਾਰ ਦਿੱਤਾ, ਜਿਸ ਨਾਲ ਪਿਛਲੇ ਤਿੰਨ ਦਿਨਾਂ ਵਿਚ ਮਾਰੇ ਗਏ ਵਿਦੇਸ਼ੀ ਅਤਿਵਾਦੀਆਂ ਦੀ ਗਿਣਤੀ 71 ਹੋ ਗਈ ਹੈ। ਪਾਕਿਸਤਾਨੀ ਫੌਜ ਦੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐਸ.ਪੀ.ਆਰ.) ਦੇ ਅਨੁਸਾਰ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿਚ ਕੀਤੇ ਗਏ ਇਕ ਆਪ੍ਰੇਸ਼ਨ ਵਿਚ ਅਤਿਵਾਦੀ ਮਾਰੇ ਗਏ।

ਫੌਜ ਦੇ ਮੀਡੀਆ ਵਿੰਗ ਨੇ ਕਿਹਾ ਕਿ 17 ਵਿਦੇਸ਼ੀ ਅਤਿਵਾਦੀ ਮਾਰੇ ਗਏ ਅਤੇ ਉਨ੍ਹਾਂ ਤੋਂ ਹਥਿਆਰ, ਗੋਲੀਆਂ ਅਤੇ ਵਿਸਫੋਟਕ ਬਰਾਮਦ ਕੀਤੇ ਗਏ। ਪਿਛਲੇ ਦੋ ਦਿਨਾਂ ਵਿਚ ਪਾਬੰਦੀਸ਼ੁਦਾ ਟੀਟੀਪੀ ਨਾਲ ਸਬੰਧਤ 54 ਅਤਿਵਾਦੀ ਅਫਗਾਨਿਸਤਾਨ ਤੋਂ ਖੈਬਰ ਪਖਤੂਨਖਵਾ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹੋਏ ਮਾਰੇ ਗਏ ਹਨ। ਸੋਮਵਾਰ ਦੀ ਕਾਰਵਾਈ ਨਾਲ ਪਿਛਲੇ ਤਿੰਨ ਦਿਨਾਂ ਵਿਚ ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਵਿਚ ਮਾਰੇ ਗਏ ਵਿਦੇਸ਼ੀਆਂ ਦੀ ਗਿਣਤੀ 71 ਹੋ ਗਈ ਹੈ।

Share: