ਵਿਰੋਧੀ ਧਿਰਾਂ ਵੱਲੋਂ ਪਹਿਲਗਾਮ ਹਮਲੇ ਖਿਲਾਫ਼ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਹਮਾਇਤ

ਵਿਰੋਧੀ ਧਿਰਾਂ ਵੱਲੋਂ ਪਹਿਲਗਾਮ ਹਮਲੇ ਖਿਲਾਫ਼ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਹਮਾਇਤ

ਨਵੀਂ ਦਿੱਲੀ : ਕਸ਼ਮੀਰ ਵਿਚ ਦਹਿਸ਼ਤੀ ਹਮਲੇ ਮਗਰੋਂ ਵਿਰੋਧੀ ਧਿਰਾਂ ਨੇ ਅੱਜ ਸਰਬ ਪਾਰਟੀ ਬੈਠਕ ਦੌਰਾਨ ਸਰਕਾਰ ਦੀ ਪਿੱਠ ’ਤੇ ਖੜ੍ਹਦਿਆਂ ਕਿਹਾ ਕਿ ਉਹ ਦਹਿਸ਼ਤਗਰਦਾਂ ਦੀ ਇਸ ਘਿਣਾਉਣੀ ਕਾਰਵਾਈ ਖਿਲਾਫ਼ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਪੂਰੀ ਹਮਾਇਤ ਕਰਦੀਆਂ ਹਨ। ਉਧਰ ਸਰਕਾਰ ਨੇ ਬੈਠਕ ਵਿਚ ਸ਼ਾਮਲ ਆਗੂਆਂ ਨੂੰ ਸੈਲਾਨੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਰਹਿ ਗਈਆਂ ਖਾਮੀਆਂ ਤੇ ਭਵਿੱਖ ਵਿਚ ਅਜਿਹੀਆਂ ਗ਼ਲਤੀਆਂ ਦੇ ਦੁਹਰਾਅ ਤੋਂ ਬਚਣ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।

ਪਹਿਲਗਾਮ ਦਹਿਸ਼ਤੀ ਹਮਲੇ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਹੋਈ ਸਰਬ ਪਾਰਟੀ ਬੈਠਕ ਮਗਰੋੋਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਸਰਕਾਰ ਵੱਲੋਂ ਦਹਿਸ਼ਤਗਰਦਾਂ ਦੀ ਇਸ ਘਿਣਾਉਣੀ ਕਾਰਵਾਈ ਖਿਲਾਫ਼ ਦਿੱਤੇ ਜਵਾਬ ਦੀ ਪੂਰੀ ਹਮਾਇਤ ਕਰਦੀ ਹੈ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਆਗੂਆਂ ਨੇ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਬਹਾਲੀ ਲਈ ਉਪਾਅ ਯਕੀਨੀ ਬਣਾਉਣ ਦੀ ਮੰਗ ਕੀਤੀ।

ਬੈਠਕ ਉਪਰੰਤ ਸਰਕਾਰ ਵੱਲੋਂ ਜਾਣਕਾਰੀ ਦਿੰਦੇ ਹੋਏ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਵਿਰੋਧੀ ਧਿਰ ਸਰਕਾਰ ਦੇ ਨਾਲ ਅਤੇ ਅਤਿਵਾਦ ਦੇ ਵਿਰੁੱਧ ਹੈ। ਪਹਿਲਗਾਮ ਵਿੱਚ ਇੰਟੈਲੀਜੈਂਸ ਦੀ ਨਾਕਾਮੀ ਦੇ ਸਬੂਤਾਂ ਦਰਮਿਆਨ ਰਿਜਿਜੂ ਨੇ ਕਿਹਾ ਕਿ ਇੰਟੈਲੀਜੈਂਸ ਬਿਊਰੋ (IB) ਤੇ ਕੇਂਦਰੀ ਗ੍ਰਹਿ ਮੰਤਰਾਲੇ (MHA) ਦੇ ਅਧਿਕਾਰੀਆਂ ਨੇ ਆਗੂਆਂ ਨੂੰ ਖਾਮੀਆਂ ਦੇ ਦੁਹਰਾਅ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ। ਰਿਜਿਜੂ ਨੇ ਕਿਹਾ ਕਿ ਸਰਕਾਰ ਨੇ ਆਗੂਆਂ ਨੂੰ ਅਤਿਵਾਦ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਬੈਠਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈਸ਼ੰਕਰ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਰਾਜ ਸਭਾ ਵਿੱਚ ਸਦਨ ਦੇ ਨੇਤਾ ਜੇਪੀ ਨੱਡਾ ਤੇ ਵਿਰੋਧੀ ਧਿਰ ਵੱਲੋਂ ਕਾਂਗਰਸ ਦੇ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ, ਟੀਐਮਸੀ ਦੇ ਸੁਦੀਪ ਬੰਦੋਪਾਧਿਆਏ, ਐਨਸੀਪੀ (ਸਪਾ) ਦੀ ਸੁਪ੍ਰਿਆ ਸੂਲੇ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।

Share: