ਨਿਸ਼ੀਕਾਂਤ ਦੂਬੇ ਤੇ ਦਿਨੇਸ਼ ਸ਼ਰਮਾ ਨੂੰ ਭਾਜਪਾ ’ਚੋਂ ਕੱਢਿਆ ਜਾਵੇ: ਕਾਂਗਰਸ

ਨਿਸ਼ੀਕਾਂਤ ਦੂਬੇ ਤੇ ਦਿਨੇਸ਼ ਸ਼ਰਮਾ ਨੂੰ ਭਾਜਪਾ ’ਚੋਂ ਕੱਢਿਆ ਜਾਵੇ: ਕਾਂਗਰਸ

ਨਵੀਂ ਦਿੱਲੀ : ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰਾਂ ਨਿਸ਼ੀਕਾਂਤ ਦੂਬੇ ਤੇ ਦਿਨੇਸ਼ ਸ਼ਰਮਾ ਵੱਲੋਂ ਸੁਪਰੀਮ ਕੋਰਟ ਦੀ ਆਲੋਚਨਾ ਕੀਤੇ ਜਾਣ ਮਗਰੋਂ ਪਾਰਟੀ ਵੱਲੋਂ ਖੁਦ ਨੂੰ ਇਸ ਤੋਂ ਵੱਖ ਕਰਨ ਦੀ ਕਵਾਇਦ ਨੂੰ ‘ਡੈਮੇਜ ਕੰਟਰੋਲ’ ਕਰਾਰ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਸੰਸਦ ਮੈਂਬਰਾਂ ਨੂੰ ਪਾਰਟੀ ’ਚੋਂ ਕੱਢਿਆ ਜਾਣਾ ਚਾਹੀਦਾ ਹੈ। ਵਿਰੋਧੀ ਧਿਰ ਨੇ ਸਵਾਲ ਕੀਤਾ ਕਿ ਦੋਵਾਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਕਿਉਂ ਨਹੀਂ ਜਾਰੀ ਕੀਤੇ ਗਏ।

ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ ਇੰਚਾਰਜ) ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤ ਦੇ ਚੀਫ ਜਸਟਿਸ ਬਾਰੇ ਦੋ ਸੰਸਦ ਮੈਂਬਰਾਂ ਵੱਲੋਂ ਕੀਤੀਆਂ ਗਈਆਂ ‘ਨਫਰਤੀ ਟਿੱਪਣੀਆਂ’ ਤੋਂ ‘ਅਹੁਦਾ ਛੱਡ ਰਹੇ ਭਾਜਪਾ ਪ੍ਰਧਾਨ’ ਦਾ ਦੂਰੀ ਬਣਾਉਣਾ ਕੋਈ ਮਾਇਨੇ ਨਹੀਂ ਰੱਖਦਾ। ਉਨ੍ਹਾਂ ਐੱਕਸ ’ਤੇ ਕਿਹਾ, ‘ਜਦੋਂ ਨਫਰਤੀ ਭਾਸ਼ਣ ਦੀ ਗੱਲ ਆਉਂਦੀ ਹੈ ਤਾਂ ਇਹ ਸੰਸਦ ਮੈਂਬਰ ਵਾਰ ਵਾਰ ਅਪਰਾਧ ਕਰਦੇ ਹਨ ਅਤੇ ਭਾਈਚਾਰਿਆਂ, ਸੰਸਥਾਵਾਂ ਤੇ ਵਿਅਕਤੀਆਂ ’ਤੇ ਹਮਲਾ ਕਰਨ ਲਈ ਉਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਹੁਦਾ ਛੱਡ ਰਹੇ ਪ੍ਰਧਾਨ ਦਾ ਸਪੱਸ਼ਟੀਕਰਨ ਹੋਰ ਕੁਝ ਨਹੀਂ ਸਿਰਫ਼ ਡੈਮੇਜ ਕੰਟਰੋਲ ਹੈ।’ ਉਨ੍ਹਾਂ ਕਿਹਾ, ‘ਇਸ ਨਾਲ ਕੋਈ ਮੂਰਖ ਨਹੀਂ ਬਣੇਗਾ। ਇਹ ‘ਐਂਟਾਇਰ ਪੋਲਿਟੀਕਲ ਸਾਇੰਸ ਦੀ ਥਾਂ ਐਂਟਾਇਰ ਪੋਲਿਟੀਕਲ ਹਿਪੋਕਰੇਸੀ’ ਹੈ।’ -ਪੀਟੀਆਈ

ਸੁਪਰੀਮ ਕੋਰਟ ਦੇ ਵਕੀਲ ਵੱਲੋਂ ਅਟਾਰਨੀ ਜਨਰਲ ਨੂੰ ਪੱਤਰ
ਵਕਫ਼ ਕਾਨੂੰਨ ਮਾਮਲੇ ’ਚ ਇੱਕ ਧਿਰ ਦੀ ਨੁਮਾਇੰਦਗੀ ਕਰਨ ਵਾਲੇ ਸੁਪਰੀਮ ਕੋਰਟ ਦੇ ਵਕੀਲ ਨੇ ਅਟਾਰਨੀ ਜਨਰਲ (ਏਜੀ) ਆਰ. ਵੈਂਕਟਰਮਨ ਨੂੰ ਪੱਤਰ ਲਿਖ ਕੇ ਸਿਖ਼ਰਲੀ ਅਦਾਲਤ ਦੇ ਮਾਣ ਨੂੰ ਢਾਹ ਲਾਉਣ ਦੇ ਇਰਾਦੇ ਨਾਲ ਕੀਤੀ ਗਈ ਨਿੰਦਣਯੋਗ ਟਿੱਪਣੀ ਲਈ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਖ਼ਿਲਾਫ਼ ਹੱਤਕ ਕਾਰਵਾਈ ਸ਼ੁਰੂ ਕਰਨ ਦੀ ਸਹਿਮਤੀ ਮੰਗੀ ਹੈ। ਅਟਾਰਨੀ ਜਨਰਲ ਨੂੰ ਲਿਖੇ ਪੱਤਰ ’ਚ ਐਡਵੋਕੇਟ ਅਨਸ ਤਨਵੀਰ ਨੇ ਕਿਹਾ ਕਿ ਦੂਬੇ ਦੀ ਟਿੱਪਣੀ ‘ਬਹੁਤ ਇਤਰਾਜ਼ਯੋਗ ਅਤੇ ਖਤਰਨਾਕ ਢੰਗ ਨਾਲ ਭੜਕਾਊ’ ਹੈ।

Share: