ਨਿਹੰਗ ਸਿੰਘਾਂ ਵੱਲੋਂ ਕੱਢੇ ਮਹੱਲੇ ਮੌਕੇ ਘੋੜਿਆਂ ਦੀ ਫੇਟ ਵਿੱਚ ਆਉਣ ਨਾਲ ਪੱਤਰਕਾਰ ਸਮੇਤ ਛੇ ਜਣੇ ਜ਼ਖ਼ਮੀ

ਨਿਹੰਗ ਸਿੰਘਾਂ ਵੱਲੋਂ ਕੱਢੇ ਮਹੱਲੇ ਮੌਕੇ ਘੋੜਿਆਂ ਦੀ ਫੇਟ ਵਿੱਚ ਆਉਣ ਨਾਲ ਪੱਤਰਕਾਰ ਸਮੇਤ ਛੇ ਜਣੇ ਜ਼ਖ਼ਮੀ

ਤਲਵੰਡੀ ਸਾਬੋ : ਬੁੱਢਾ ਦਲ ਦੇ ਘੋੜ ਸਵਾਰ ਨਿਹੰਗ ਸਿੰਘਾਂ ਵੱਲੋਂ ਜੰਡਸਰ ਰੋਡ ’ਤੇ ਖੁੱਲ੍ਹੇ ਮੈਦਾਨ ਵਿੱਚ ਅੱਜ ਬਾਅਦ ਦੁਪਹਿਰ ਕੱਢੇ ਗਏ ਰਵਾਇਤੀ ਮਹੱਲੇ ਵਿੱਚ ਘੋੜ ਦੌੜ ਦੇ ਜੌਹਰ ਦਿਖਾਉਂਦਿਆਂ ਘੋੜਿਆਂ ਦੀ ਫੇਟ ਵਿਚ ਆਉਣ ਨਾਲ ਇੱਕ ਪੱਤਰਕਾਰ ਸਮੇਤ ਛੇ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ  ਵਿੱਚ 11 ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਸ ਦੌਰਾਨ ਪਿੰਡ ਜੀਵਨ ਸਿੰਘ ਵਾਲਾ ਦੇ ਇੱਕ ਬੱਚੇ ਦੀ ਸਰੋਵਰ ਵਿੱਚ ਡੁੱਬਣ ਕਰਕੇ ਮੌਤ ਹੋ ਗਈ।  ਮਹੱਲਾ ਕੱਢਣ ਮੌਕੇ ਕਵਰੇਜ ਕਰ ਰਿਹਾ ਮੁਕਤਸਰ ਸਾਹਿਬ ਤੋਂ ਇੱਕ ਨਿੱਜੀ ਚੈਨਲ ਦਾ ਪੱਤਰਕਾਰ ਜਸਵੀਰ ਘੋੜਿਆਂ ਦੀ ਫੇਟ ਵਿੱਚ ਆਉਣ ਨਾਲ ਜ਼ਖ਼ਮੀ ਹੋ ਗਿਆ। ਉਸ ਨੂੰ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘੋੜ ਦੋੜ ਦੇ ਕਰਤੱਬ ਦਿਖਾਉਂਦੇ ਸਮੇਂ ਤਰਨਾ ਦਲ ਭਿੱਖੀਵਿੰਡੀਏ ਦੇ ਘੋੜ ਸਵਾਰ ਨਿਹੰਗ ਸਿੰਘ ਗੁਰਪ੍ਰੀਤ ਸਿੰਘ (20) ਦੀ ਘੋੜੇ ਤੋਂ ਡਿੱਗਣ ਕਾਰਨ ਸੱਜੀ ਲੱਤ ਟੁੱਟ ਗਈ। ਇਸੇ ਤਰ੍ਹਾਂ ਗੁਰਚਰਨ ਸਿੰਘ (65) ਵਾਸੀ ਕੋਟਬਖਤੂ, ਰਾਜ ਸਿੰਘ (62) ਵਾਸੀ ਸਿੰਗੋ, ਦਸ ਸਾਲ ਦਾ ਬੱਚਾ ਬਲਵਿੰਦਰ ਸਿੰਘ ਪੁੱਤਰ ਉਜਾਗਰ ਸਿੰਘ ਤਤੀਆਂ (ਅੰਮ੍ਰਿਤਸਰ) ਅਤੇ ਇੱਕ ਹੋਰ ਨਿਹੰਗ ਸਿੰਘ ਘੋੜਿਆਂ ਦੀ ਫੇਟ ਵਿੱਚ ਆਉਣ ਕਰਕੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਐਂਬੂਲੈਸਾਂ 108 ਰਾਹੀਂ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਗੁਰਚਰਨ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਬਠਿੰਡਾ ਰੈਫਰ ਕੀਤਾ ਗਿਆ ਹੈ। ਇਸ ਦੌਰਾਨ ਇਕ ਹੋਰ ਘਟਨਾ ਵਿਚ ਜਸਕੀਰਤ ਸਿੰਘ (10) ਪੁੱਤਰ ਸੁਖਪਾਲ ਸਿੰਘ ਵਾਸੀ ਜੀਵਨ ਸਿੰਘ ਵਾਲਾ ਦੀ ਕਲਿਆਣਸਰ ਸਰੋਵਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ। ਜਸਕੀਰਤ ਸਿੰਘ ਨੂੰ ਮੌਕੇ ’ਤੇ ਮੌਜੂਦ ਸ਼ਰਧਾਲੂਆਂ ਨੇ ਸਰੋਵਰ ਵਿੱਚੋਂ ਕੱਢਿਆ ਤੇ ਐਂਬੂਲੈਂਸ ਰਾਹੀਂ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਬਾਬਾ ਬਲਜੀਤ ਸਿੰਘ ਦਾਦੂਵਾਲ, ਸਥਾਨਕ ਥਾਣਾ ਮੁਖੀ ਪਰਬਤ ਸਿੰਘ ਅਤੇ ਨਾਇਬ ਤਹਿਸੀਲਦਾਰ ਪੁਖਰਾਜ ਰਵੀ ਵੀ ਹਸਪਤਾਲ ਪਹੁੰਚ ਗਏ। ਪੁਲੀਸ ਨੇ ਕਾਰਵਾਈ ਕਰਕੇ ਮ੍ਰਿਤਕ ਬੱਚੇ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

Share: