ਨਿਊ ਯਾਰਕ : ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਨੇ ਪਹਿਲਗਾਮ ਹਮਲੇ ਬਾਰੇ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੀ ਨਿਖੇਧੀ ਕੀਤੀ ਹੈ। ਪਹਿਲਗਾਮ ਦਹਿਸ਼ਤੀ ਹਮਲੇ ਵਿਚ 26 ਲੋਕ, ਜਿਨ੍ਹਾਂ ਵਿੱਚੋਂ ਬਹੁਗਿਣਤੀ ਸੈਲਾਨੀ ਸੀ, ਮਾਰੇ ਗਏ ਸਨ। ਨਿਊਯਾਰਕ ਟਾਈਮਜ਼ ਦੀ ‘ਕਸ਼ਮੀਰ ਵਿੱਚ ਅਤਿਵਾਦੀਆਂ ਵੱਲੋਂ ਘੱਟੋ-ਘੱਟ 24 ਸੈਲਾਨੀਆਂ ਦੀ ਗੋਲੀ ਮਾਰ ਕੇ ਹੱਤਿਆ’ ਸਿਰਲੇਖ ਵਾਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇਸ ਗੋਲੀਬਾਰੀ ਨੂੰ, ਜੋ ਕਿ ਇਸ ਖੇਤਰ ਵਿੱਚ ਆਮ ਨਾਗਰਿਕਾਂ ਵਿਰੁੱਧ ਪਿਛਲੇ ਸਾਲਾਂ ਵਿਚ ਸਭ ਤੋਂ ਭੈੜੀ ਹੈ, ‘ਦਹਿਸ਼ਤੀ ਹਮਲਾ’ ਕਿਹਾ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਸਹੁੰ ਖਾਧੀ ਹੈ।’
ਸਦਨ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਨੇ X ’ਤੇ ਇੱਕ ਪੋਸਟ ਵਿੱਚ ਕਿਹਾ, ‘‘ਨਿਊ ਯਾਰਕ ਟਾਈਮਜ਼ ਅਸੀਂ ਤੁਹਾਡੇ ਲਈ ਇਸ ਵਿਚ ਸੁਧਾਰ ਕੀਤਾ ਹੈ। ਇਹ ਸਪਸ਼ਟ ਤੌਰ ’ਤੇ ਦਹਿਸ਼ਤੀ ਹਮਲਾ ਸੀ। ਚਾਹੇ ਉਹ ਭਾਰਤ ਹੋਵੇ ਜਾਂ ਇਜ਼ਰਾਈਲ, ਜਦੋਂ ਅਤਿਵਾਦ ਦੀ ਗੱਲ ਆਉਂਦੀ ਹੈ ਤਾਂ ਨਿਊਯਾਰਕ ਟਾਈਮਜ਼ ਅਸਲੀਅਤ ਤੋਂ ਦੂਰ ਹੋ ਜਾਂਦਾ ਹੈ।’’ ਪੋਸਟ ਵਿਚ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਨੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿਚ ਸਿਰਲੇਖ ’ਚੋਂ ‘ਉਗਰਵਾਦੀ’ (Militant) ਸ਼ਬਦ ਕੱਟ ਕੇ ਉਸ ਦੀ ਥਾਂ ਲਾਲ ਰੰਗ ਵਿਚ ਵੱਡੇ ਅੱਖਰਾਂ ਵਿਚ ‘ਅਤਿਵਾਦੀ’ (Terrorist) ਸ਼ਬਦ ਲਿਖਿਆ ਹੈ।