ਲਖਨਊ : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਕੇਂਦਰ ਨੂੰ ਨਵੇਂ ਵਕਫ ਕਾਨੂੰਨ ਦੀਆਂ ਮੱਦਾਂ ’ਤੇ ਮੁੜ ਵਿਚਾਰ ਕਰਨ ਅਤੇ ਫਿਲਹਾਲ ਇਸ ਨੂੰ ਮੁਅੱਤਲ ਰੱਖਣ ਦਾ ਸੱਦਾ ਦਿੱਤਾ। ਮਾਇਆਵਤੀ ਨੇ ਕਿਹਾ ਕਿ ਹਾਲ ਹੀ ਵਿੱਚ ਪਾਸ ਇਸ ਕਾਨੂੰਨ ’ਚ ਵਕਫ ਬੋਰਡ ’ਚ ਗ਼ੈਰ-ਮੁਸਲਮਾਨਾਂ ਨੂੰ ਸ਼ਾਮਲ ਕਰਨ ਦੀ ਮੱਦ ਠੀਕ ਪ੍ਰਤੀਤ ਨਹੀਂ ਹੁੰਦੀ।
ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਗ਼ੈਰ-ਮੁਸਲਮਾਨਾਂ ਨੂੰ ਰਾਜ ਵਕਫ ਬੋਰਡ ਦਾ ਹਿੱਸਾ ਬਣਨ ਦੇਣ ਦੀ ਇਜਾਜ਼ਤ ਦੇਣਾ ਗ਼ਲਤ ਹੈ। ਮੁਸਲਿਮ ਭਾਈਚਾਰਾ ਇਸ ’ਤੇ ਇਤਰਾਜ਼ ਜਤਾ ਰਿਹਾ ਹੈ। ਜੇ ਕੇਂਦਰ ਸਰਕਾਰ ਅਜਿਹੀਆਂ ਵਿਵਾਦਤ ਮੱਦਾਂ ’ਚ ਸੁਧਾਰ ਲਈ ਇਸ ’ਤੇ ਮੁੜ ਵਿਚਾਰ ਕਰੇ ਅਤੇ ਫਿਲਹਾਲ ਲਈ ਵਕਫ ਕਾਨੂੰਨ ਨੂੰ ਮੁਅੱਤਲ ਰੱਖੇ ਤਾਂ ਬਿਹਤਰ ਹੋਵੇਗਾ।’ ਜ਼ਿਕਰਯੋਗ ਹੈ ਕਿ ਲੰਘੀ ਪੰਜ ਅਪਰੈਲ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵਕਫ ਸੋਧ ਬਿੱਲ ਨੂੰ ਕਾਨੂੰਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ। ਮਾਇਆਵਤੀ ਨੇ ਅੱਗੇ ਕਿਹਾ ਕਿ ਬੋਧ ਗਯਾ ਸਥਿਤ ਮਹਾਬੋਧੀ ਮੰਦਰ ਦੇ ਪ੍ਰਬੰਧਨ ’ਤੇ ਕੰਟਰੋਲ ਸਬੰਧੀ ਬੋਧ ਭਿਕਸ਼ੂਆਂ ਤੇ ਬੋਧ ਪੈਰੋਕਾਰਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੀ ਤਰ੍ਹਾਂ ਮੁਸਲਿਮ ਭਾਈਚਾਰੇ ਨੇ ਵੀ ਆਪਣੇ ਧਾਰਮਿਕ ਮਾਮਲਿਆਂ ’ਚ ਬਾਹਰੀ ਦਖਲ ’ਤੇ ਚਿੰਤਾ ਜ਼ਾਹਿਰ ਕੀਤੀ ਹੈ।