ਦੇਸ਼ ’ਚੋਂ ਨਕਸਲਵਾਦ ਖ਼ਤਮ ਕਰਨ ’ਚ ਸੀਆਰਪੀਐੱਫ ਦੀ ਅਹਿਮ ਭੂਮਿਕਾ: ਸ਼ਾਹ

ਦੇਸ਼ ’ਚੋਂ ਨਕਸਲਵਾਦ ਖ਼ਤਮ ਕਰਨ ’ਚ ਸੀਆਰਪੀਐੱਫ ਦੀ ਅਹਿਮ ਭੂਮਿਕਾ: ਸ਼ਾਹ

ਨੀਮਚ (ਮੱਧ ਪ੍ਰਦੇਸ਼) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਵਿੱਚ ਸਿਰਫ਼ ਚਾਰ ਜ਼ਿਲ੍ਹਿਆਂ ਤੱਕ ਸੀਮਤ ਨਕਸਲਵਾਦ ਨੂੰ ਅਗਲੇ ਵਰ੍ਹੇ 31 ਮਾਰਚ ਤੱਕ ਖ਼ਤਮ ਕਰ ਦਿੱਤਾ ਜਾਵੇਗਾ ਤੇ ਸੀਆਰਪੀਐੱਫ ਇਸ ਮਿਸ਼ਨ ਦੀ ਰੀੜ੍ਹ ਦੀ ਹੱਡੀ ਹੈ। ਉਹ ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੇ 86ਵੇਂ ਸਥਾਪਨਾ ਦਿਵਸ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ,‘ਪਸ਼ੂਪਤੀਨਾਥ ਤੋਂ ਤਿਰੂਪਤੀ ਤੱਕ ਲਾਲ ਆਤੰਕ ਫੈਲਾਉਣ ਦਾ ਸੁਪਨਾ ਲੈਣ ਵਾਲੇ ਨਕਸਲੀ ਅੱਜ ਸਿਰਫ਼ ਚਾਰ ਜ਼ਿਲ੍ਹਿਆਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਇਸ ’ਚ ਸਭ ਤੋਂ ਵੱਡਾ ਯੋਗਦਾਨ ਸੀਆਰਪੀਐੱਫ ਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਹੈ ਕਿ ਇਹ ਬੁਰਾਈ (ਨਕਸਲਵਾਦ) 31 ਮਾਰਚ 2026 ਤੱਕ ਖ਼ਤਮ ਹੋ ਜਾਵੇਗੀ।’ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ,‘ਸੀਆਰਪੀਐੱਫ ਨੇ ਨਕਸਲ (ਪ੍ਰਭਾਵਿਤ) ਖੇਤਰਾਂ ਵਿੱਚ 400 ਤੋਂ ਵੱਧ ਅਪਰੇਟਿੰਗ ਬੇਸ ਸਥਾਪਤ ਕੀਤੇ ਹਨ। ਇਸ ਕਾਰਨ ਇਨ੍ਹਾਂ ਖੇਤਰਾਂ ’ਚ ਹਿੰਸਾ ’ਚ 70 ਫ਼ੀਸਦੀ ਤੋਂ ਵੱਧ ਦੀ ਕਮੀ ਆਈ ਹੈ ਤੇ ਹੁਣ ਅਸੀਂ ਇਸ ਨੂੰ ਖ਼ਤਮ ਕਰਨ ਦੇ ਨੇੜੇ ਹਾਂ।’ ਸ੍ਰੀ ਸ਼ਾਹ ਨੇ ਕਿਹਾ,‘ਕੋਬਰਾ ਬਟਾਲੀਅਨ ਬਹਾਦਰੀ ਦਾ ਪ੍ਰਤੀਕ ਬਣ ਗਈ ਹੈ। ਮੈਂ 86ਵੇਂ ਸਥਾਪਨਾ ਦਿਵਸ ਪਰੇਡ ’ਤੇ ਸਾਰੇ ਕੋਬਰਾ ਜਵਾਨਾਂ ਨੂੰ ਵਧਾਈ ਦਿੰਦਾ ਹਾਂ ਤੇ ਉਨ੍ਹਾਂ ਦੇ ਹੌਸਲੇ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।’ ਉਨ੍ਹਾਂ ਕਿਹਾ,‘2,264 ਸੀਆਰਪੀਐੱਫ ਜਵਾਨਾਂ ਨੇ ਮੁਲਕ ਦੀ ਰੱਖਿਆ ਲਈ ਜਾਨਾਂ ਵਾਰ ਦਿੱਤੀਆਂ ਤੇ ਉਨ੍ਹਾਂ ਮੁਲਕ ਵੱਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕੀਤਾ।’ ਉਨ੍ਹਾਂ ਕਿਹਾ ਕਿ ਸਾਲ 2047 ਤੱਕ ਭਾਰਤ ਹਰ ਖੇਤਰ ’ਚ ਲੀਡਰ ਬਣਨ ਵੱਲ ਵਧ ਰਿਹਾ ਹੈ ਤੇ ਇਸ ਟੀਚੇ ਨੂੰ ਹਾਸਲ ਕਰਨ ’ਚ ਸ਼ਹੀਦ ਸੀਆਰਪੀਐੱਫ ਜਵਾਨਾਂ ਦੇ ਪਰਿਵਾਰਾਂ ਦਾ ਯੋਗਦਾਨ ਅਹਿਮ ਹੋਵੇਗਾ। ਇਸ ਸਮਾਗਮ ’ਚ ਮੁੱਖ ਮੰਤਰੀ ਮੋਹਨ ਯਾਦਵ ਵੀ ਸ਼ਾਮਲ ਸਨ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸ਼ਾਹ ਨੇ ਕਿਹਾ ਕਿ ਸੀਏਪੀਐੱਫ ਤੇ ਸੀਆਰਪੀਐੱਫ ਤੇ ਖ਼ਾਸ ਤੌਰ ’ਤੇ ਕੋਬਰਾ ਬਟਾਲੀਅਨ ਮੁਲਕ ’ਚੋਂ ਨਕਸਲਵਾਦ ਖ਼ਤਮ ਕਰਨ ’ਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ‘ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ’ (ਕੋਬਰਾ) ਸੀਆਰਪੀਐੱਫ ਦੀ ਵਿਸ਼ੇਸ਼ ਇਕਾਈ ਹੈ ਜੋ ਗੁਰਿੱਲਾ ਤੇ ਜੰਗਲ ਯੁੱਧ ਤੇ ਖ਼ਾਸ ਤੌਰ ’ਤੇ ਨਕਸਲੀਆਂ ਨਾਲ ਨਜਿੱਠਣ ’ਚ ਆਪਣੀ ਕਾਬਲੀਅਤ ਲਈ ਜਾਣੀ ਜਾਂਦੀ ਹੈ।

Share: