ਸੁਕਮਾ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਅੱਜ 33 ਨਕਸਲੀਆਂ ਜਿਨ੍ਹਾਂ ਵਿਚੋਂ 17 ਦੇ ਸਿਰ ’ਤੇ 49 ਲੱਖ ਰੁਪਏ ਦਾ ਇਨਾਮ ਹੈ, ਨੇ ਸੁਰੱਖਿਆ ਬਲਾਂ ਸਾਹਮਣੇ ਆਤਮਸਮਰਪਣ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਨੌਂ ਔਰਤਾਂ ਸਣੇ 22 ਨਕਸਲੀਆਂ ਨੇ ਪੁਲੀਸ ਤੇ ਸੀਆਰਪੀਐੱਫ ਅਧਿਕਾਰੀਆਂ ਸਾਹਮਣੇ ਜਦਕਿ ਬਾਅਦ ਵਿੱਚ ਦੋ ਔਰਤਾਂ ਸਣੇ 11 ਹੋਰ ਨਕਸਲੀਆਂ ਨੇ ਪੁਲੀਸ ਅਧਿਕਾਰੀਆਂ ਸਾਹਮਣੇ ਆਤਮਸਮਰਪਣ ਕੀਤਾ।
ਸੁਕਮਾ ਦੇ ਐੱਸਪੀ ਕਿਰਨ ਚਵਾਨ ਨੇ ਕਿਹਾ ਕਿ ਆਤਮਸਮਰਪਣ ਕਰਨ ਵਾਲੇ ਨਕਸਲੀਆਂ ਨੇ ‘ਖੋਖਲੀ’ ਤੇ ਅਣਮਨੁੱਖੀ’ ਮਾਓਵਾਦੀ ਵਿਚਾਰਧਾਰਾ ਤੇ ਸਥਾਨ ਆਦਿਵਾਸੀਆਂ ’ਤੇ ਜ਼ੁਲਮ ਤੋਂ ਨਿਰਾਸ਼ ਹੋ ਕੇ ਆਤਮਸਮਰਪਣ ਕੀਤਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਸੂਬਾ ਸਰਕਾਰ ਦੀ ‘ਨਿਯਦ ਨੈੱਲਨਾਰ’ (ਤੁਹਾਡਾ ਵਧੀਆ ਪਿੰਡ) ਸਕੀਮ ਤੋਂ ਵੀ ਪ੍ਰਭਾਵਿਤ ਹਨ।
ਉਨ੍ਹਾਂ ਕਿਹਾ ਕਿ 22 ਨਕਸਲੀ ਮਾੜ ਡਵੀਜ਼ਨ (ਛੱਤੀਸਗੜ੍ਹ) ਅਤੇ ਨੁਆਪਾੜਾ ਡਵੀਜ਼ਨ (ਓਡਿਸ਼ਾ) ਵਿੱਚ ਜਦਕਿ 11 ਨਕਸਲੀ ਫੁਲਬਗੜੀ ਥਾਣੇ ਅਧੀਨ ਬਡੇਸਟੀ ਪਿੰਡ ਪੰਚਾਇਤ ’ਚ ਸਰਗਰਮ ਸਨ।
ਪੁਲੀਸ ਅਧਿਕਾਰੀਆਂ ਮੁਤਾਬਕ ਜ਼ਿਲ੍ਹੇ ’ਚ ਅੱਠ-ਅੱਠ ਲੱਖ ਰੁਪਏ ਦੇ ਇਨਾਮੀ ਨਕਸਲੀ ਮੁਚਾਕੀ ਜੋਗਾ (33) ਅਤੇ ਉਸ ਦੀ ਪਤਨੀ ਮੁਚਾਕੀ ਜੋਗੀ (28) ਨੇ ਸੁਰੱਖਿਆ ਬਲਾਂ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਮੁਚਾਕੀ ਜੋਗਾ ਪੀਐੱਲਜੀਏ ਦੀ ਕੰਪਨੀ ਨੰਬਰ 1 ’ਚ ਡਿਪਟੀ ਕਮਾਂਡਰ ਅਤੇ ਮੁਚਾਕੀ ਜੋਗੀ ਇਸ ਗਰੁੱਪ ਦੀ ਮੈਂਬਰ ਸੀ।