ਕਿਸਾਨਾਂ ਦਾ ਨਰਮਾ ਬੀਜਣ ਤੋਂ ਮੋਹ ਭੰਗ

ਕਿਸਾਨਾਂ ਦਾ ਨਰਮਾ ਬੀਜਣ ਤੋਂ ਮੋਹ ਭੰਗ

ਮਾਨਸਾ : ਮਾਲਵਾ ਖੇਤਰ ਵਿੱਚ ਬੀਟੀ ਕਾਟਨ ਉਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹੋ ਰਹੇ ਵਾਰ-ਵਾਰ ਹਮਲਿਆਂ ਤੋਂ ਅੱਕੇ ਹੋਏ ਕਿਸਾਨਾਂ ਵੱਲੋਂ ਨਰਮੇ ਹੇਠਾਂ ਵੱਡੀ ਪੱਧਰ ’ਤੇ ਰਕਬਾ ਘਟਾਉਣ ਕਾਰਨ ਹੁਣ ਕਪਾਹ ਪੱਟੀ ਦੀ ਹੋਂਦ ਨੂੰ ਖ਼ਤਰਾ ਖੜ੍ਹਾ ਹੋਣ ਲੱਗਿਆ ਹੈ। ਰਕਬਾ ਘਟਣ ਦੇ ਡਰੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਚਿੱਟੇ ਸੋਨੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਪਿੰਡਾਂ ਵਿੱਚ ਜਾ ਕੇ ਪ੍ਰੇਰਿਤ ਕੀਤਾ ਜਾਣ ਲੱਗਿਆ ਹੈ। ਭਾਵੇਂ ਪੰਜਾਬ ਸਰਕਾਰ ਨੇ 33 ਫੀਸਦੀ ਬੀਟੀ ਕਾਟਨ ਉਤੇ ਸਬਸਿਡੀ ਦੇਣ ਦਾ ਫੈਸਲਾ ਵੀ ਕੀਤਾ ਹੈ, ਇਸ ਦੇ ਬਾਵਜੂਦ ਕਿਸਾਨਾਂ ਦਾ ਨਰਮਾ ਬੀਜਣ ਲਈ ਮਨ ਨਹੀਂ ਬਣ ਰਿਹਾ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਮਾਲਵਾ ਪੱਟੀ ਵਿੱਚ ਨਰਮੇ ਹੇਠ ਰਕਬੇ ਨੂੰ ਵਧਾਉਣ ਲਈ ਹੋਰ ਉਪਰਾਲੇ ਕਰਨ ਵਾਸਤੇ ਆਦੇਸ਼ ਜਾਰੀ ਕੀਤੇ ਗਏ ਹਨ।

ਇਸ ਖੇਤਰ ਦੇ ਖੇਤਾਂ ਵਿੱਚ ਜਾ ਕੇ ਵੇਖਿਆ ਗਿਆ ਤਾਂ ਪਤਾ ਲੱਗਿਆ ਕਿ ਹਾਲੇ ਤੱਕ ਖੇਤਾਂ ਵਿੱਚ ਕਿਸਾਨਾਂ ਵੱਲੋਂ ਨਰਮੇ ਦੀ ਬਿਜਾਈ ਨਹੀਂ ਕੀਤੀ ਗਈ, ਉਂਝ ਕਿਸਾਨਾਂ ਨੇ ਝੋਨਾ ਲਾਉਣ ਲਈ ਹੀ ਮਨ ਬਣਾਇਆ ਹੋਇਆ ਹੈ ਅਤੇ ਕੁੁਝ ਅਗੇਤੇ ਵਿਹਲੇ ਹੋਏ ਖੇਤਾਂ ਵਿੱਚ ਮੂੰਗੀ ਬੀਜਣ ਲੱਗੇ ਹਨ।

ਦਿਲਚਸਪ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਕਪਾਹ ਪੱਟੀ ਹੇਠਲੇ ਜ਼ਿਲ੍ਹੇ ਮਾਨਸਾ ਸਮੇਤ ਬਰਨਾਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਨਰਮੇ ਦੀ ਫ਼ਸਲ ਉਤਸ਼ਾਹਿਤ ਕਰਨ ਲਈ ਮੁਹਿੰਮ ਵਿੱਢੀ ਹੋਈ ਹੈ। ਮਾਨਸਾ ਇਲਾਕੇ ਦੇ ਬੀਜ ਵਿਕਰੇਤਾ ਮੁਨੀਸ਼ ਕੁਮਾਰ ਰੱਲਾ ਖਾਦ ਭੰਡਾਰ ਨੇ ਦੱਸਿਆ ਕਿ ਇਸ ਵਾਰ ਕਿਸਾਨ ਨਰਮੇ ਦੀ ਬਿਜਾਈ ਲਈ ਘੱਟ ਦਿਲਚਸਪੀ ਲੈ ਰਹੇ ਹਨ ਅਤੇ ਸਬਸਿਡੀ ਦੇ ਬਾਵਜੂਦ ਬੀਜ ਖਰੀਦਣ ’ਚ ਉਤਸ਼ਾਹ ਵੇਖਣ ਨੂੰ ਨਹੀਂ ਮਿਲ ਰਿਹਾ ਹੈ।

Share: