ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਸੋਮਵਾਰ ਨੂੰ ਆਪਣੀ ਵਿਆਪਕ ਗੱਲਬਾਤ ਦੌਰਾਨ ਦੁਵੱਲੇ ਵਪਾਰ ਸਮਝੌਤੇ (US-India trade pact) ਨੂੰ ਲੈ ਕੇ ਹੁਣ ਤੱਕ ਗੱਲਬਾਤ ਵਿਚ ਹੋਈ ਅਹਿਮ ਪ੍ਰਗਤੀ ਦਾ ਸਵਾਗਤ ਕੀਤਾ ਹੈ। ਇਸ ਗੱਲਬਾਤ ਮਗਰੋਂ ਸ੍ਰੀ ਮੋਦੀ ਨੇ ਵੈਂਸ, ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਅਤੇ ਅਮਰੀਕੀ ਅਧਿਕਾਰੀਆਂ ਦੇ ਵਫ਼ਦ ਲਈ ਰਾਤ ਦੀ ਦਾਅਵਤ ਦੀ ਮੇਜ਼ਬਾਨੀ ਕੀਤੀ।
ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਉਪ ਰਾਸ਼ਟਰਪਤੀ ਵੈਂਸ ਨੇ ਦੁਵੱਲੇ ਸਹਿਯੋਗ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਸਕਾਰਾਤਮਕ ਮੁਲਾਂਕਣ ਕੀਤਾ। ਬਿਆਨ ਵਿਚ ਕਿਹਾ ਗਿਆ, ‘‘ਉਨ੍ਹਾਂ ਦੋਵਾਂ ਮੁਲਕਾਂ ਦੇ ਲੋਕਾਂ ਦੀ ਭਲਾਈ ’ਤੇ ਕੇਂਦਰਿਤ ਅਤੇ ਇਕ ਦੂਜੇ ਲਈ ਲਾਭਦਾਇਕ ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤੇ ਲਈ ਗੱਲਬਾਤ ਵਿੱਚ ਮਹੱਤਵਪੂਰਨ ਪ੍ਰਗਤੀ ਦਾ ਸਵਾਗਤ ਕੀਤਾ।’’ ਦੋਵਾਂ ਆਗੂਆਂ ਨੇ ਊਰਜਾ, ਰੱਖਿਆ, ਰਣਨੀਤਕ ਤਕਨਾਲੋਜੀ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਨਿਰੰਤਰ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਪਰਸਪਰ ਹਿੱਤ ਵਾਲੇ ਵੱਖ-ਵੱਖ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਅਤੇ ਅੱਗੇ ਵਧਣ ਲਈ ਗੱਲਬਾਤ ਅਤੇ ਕੂਟਨੀਤੀ ਦਾ ਸੱਦਾ ਦਿੱਤਾ।
ਬਿਆਨ ਵਿਚ ਕਿਹਾ ਗਿਆ, ‘‘ਪ੍ਰਧਾਨ ਮੰਤਰੀ ਨੇ ਉਪ ਰਾਸ਼ਟਰਪਤੀ, ਉਨ੍ਹਾਂ ਦੀ ਪਤਨੀ ਤੇ ਬੱਚਿਆਂ ਨੂੰ ਭਾਰਤ ਫੇਰੀ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।’’ ਸ੍ਰੀ ਮੋਦੀ ਨੇ ਵੈਂਸ ਰਾਹੀਂ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਇਸ ਸਾਲ ਦੇ ਅੰਤ ਵਿੱਚ ਅਮਰੀਕੀ ਸਦਰ ਦੀ ਭਾਰਤ ਫੇਰੀ ਦੀ ਉਡੀਕ ਕਰ ਰਹੇ ਹਨ। ਦੁਵੱਲੇ ਵਪਾਰ ਸਮਝੌਤੇ ਨੂੰ ਲੈ ਕੇ ਦੋਵਾਂ ਮੁਲਕਾਂ ਦਰਮਿਆਨ ਚੱਲ ਰਹੇ ਸੰਵਾਦ ਦੇ ਪਿਛੋਕੜ ਵਿਚ ਮੋਦੀ-ਵੈਂਸ ਗੱਲਬਾਤ ਬਹੁਤ ਅਹਿਮ ਹੈ।
ਵੈਂਸ ਅਤੇ ਉਨ੍ਹਾਂ ਦਾ ਪਰਿਵਾਰ ਹਫਤੇ ਦੇ ਅੰਤ ਵਿੱਚ ਇਟਲੀ ਦੀ ਆਪਣੀ ਯਾਤਰਾ ਤੋਂ ਬਾਅਦ ਅੱਜ ਸਵੇਰੇ ਚਾਰ ਦਿਨਾਂ ਦੀ ਭਾਰਤ ਫੇਰੀ ਲਈ ਦਿੱਲੀ ਪਹੁੰਚਿਆ ਹੈ। ਜੋਅ ਬਾਇਡਨ ਦੀ 2013 ਵਿੱਚ ਨਵੀਂ ਦਿੱਲੀ ਦੀ ਫੇਰੀ ਤੋਂ ਬਾਅਦ ਉਹ 12 ਸਾਲਾਂ ਵਿੱਚ ਭਾਰਤ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਉਪ ਰਾਸ਼ਟਰਪਤੀ ਹਨ।
ਵੈਂਸ ਅਜਿਹੇ ਮੌਕੇ ਭਾਰਤ ਦੀ ਫੇਰੀ ’ਤੇ ਆਏ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਸਣੇ ਕਰੀਬ 60 ਦੇਸ਼ਾਂ ਉੱਤੇ ਲੱਗਣ ਵਾਲੇ ਜਵਾਬੀ ਟੈਕਸ ਦੇ ਅਮਲ ’ਤੇ ਅਗਲੇ ਤਿੰਨ ਮਹੀਨਿਆਂ ਲਈ ਰੋਕ ਲਾ ਦਿੱਤੀ ਹੈ। ਨਵੀਂ ਦਿੱਲੀ ਅਤੇ ਵਾਸ਼ਿੰਗਟਨ ਹੁਣ ਇੱਕ ਦੁਵੱਲੇ ਵਪਾਰ ਸਮਝੌਤੇ ’ਤੇ ਦਸਤਖਤ ਕਰਨ ਲਈ ਗੱਲਬਾਤ ਕਰ ਰਹੇ ਹਨ ਜਿਸ ਵਿੱਚ ਟੈਰਿਫ ਅਤੇ ਮਾਰਕੀਟ ਪਹੁੰਚ ਸਮੇਤ ਕਈ ਮੁੱਦਿਆਂ ਨੂੰ ਹੱਲ ਕਰਨ ਦੀ ਉਮੀਦ ਹੈ। ਵੈਂਸ ਅਤੇ ਉਨ੍ਹਾਂ ਦਾ ਪਰਿਵਾਰ ਜੈਪੁਰ ਅਤੇ ਆਗਰਾ ਵੀ ਜਾਣਗੇ।