ਸੁਖਬੀਰ ਬਾਦਲ ਇਜਲਾਸ ਮੁਲਤਵੀ ਕਰਨ: ਚੰਦੂਮਾਜਰਾ

ਸੁਖਬੀਰ ਬਾਦਲ ਇਜਲਾਸ ਮੁਲਤਵੀ ਕਰਨ: ਚੰਦੂਮਾਜਰਾ

ਸ੍ਰੀ ਆਨੰਦਪੁਰ ਸਾਹਿਬ : ਸਾਬਕਾ ਲੋਕ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਪੰਥ ਦੇ ਵਡੇਰੇ ਹਿੱਤਾਂ ਲਈ ਉਹ ਭਲਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕਰਵਾਏ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਇਜਲਾਸ ਨੂੰ ਮੁਲਤਵੀ ਕਰਨ। ਉਨ੍ਹਾਂ ਕਿਹਾ ਕਿ ਜੇ ਸੁਖਬੀਰ ਪੰਥ ਪ੍ਰਸਤ ਹਨ ਤੇ ਉਨ੍ਹਾਂ ਅੰਦਰ ਪੰਥ ਪ੍ਰਤੀ ਦਰਦ ਹੈ ਤਾਂ ਅਕਾਲ ਤਖ਼ਤ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਭਰਤੀ ਮੁਹਿੰਮ ਨਾਲ ਜੁੜਨ ਅਤੇ ਅਕਾਲ ਤਖ਼ਤ ਤੋਂ ਬੇਮੁੱਖ ਨਾ ਹੋਣ। ਉਨ੍ਹਾਂ ਕਾਂਗਰਸ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਬੇਸ਼ੱਕ ਸੁਖਜਿੰਦਰ ਰੰਧਾਵਾ ਕਾਂਗਰਸੀ ਹਨ ਪਰ ਉਨ੍ਹਾਂ ਨੇ ਜੋ ਮੰਗ ਕੀਤੀ ਉਹ ਬਿਲਕੁਲ ਜਾਇਜ਼ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਾਉਣ ਦੀ ਮੰਗ ਕੀਤੀ।

ਚੰਦੂਮਾਜਰਾ ਕਰ ਰਹੇ ਨੇ ਲੋਕਾਂ ਨੂੰ ਗੁਮਰਾਹ: ਭਾਈ ਚਾਵਲਾ

ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਕਾਲ ਤਖਤ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਦਿਆਂ ਭਰਤੀ ਕੀਤੀ ਗਈ ਅਤੇ 12 ਅਪਰੈਲ ਨੂੰ ਪਾਰਟੀ ਦਾ ਜਰਨਲ ਇਜਲਾਸ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਸ ਭਰਤੀ ਨੂੰ ਇੱਕ ਵਾਰ ਨਹੀਂ ਸਗੋਂ ਕਈ ਵਾਰ ਸਹੀ ਦੱਸਿਆ ਗਿਆ। ਭਾਈ ਚਾਵਲਾ ਨੇ ਕਿਹਾ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਉਨ੍ਹਾਂ ਦੇ ਸਾਥੀ ਇਸ ਮੁੱਦੇ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਭਾਈ ਚਾਵਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚੋਣਾਂ ਲਈ ਹਮੇਸ਼ਾ ਤਿਆਰ ਹੈ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਰਕਾਰ ਜਦੋਂ ਮਰਜ਼ੀ ਕਰਵਾ ਲਵੇ।

Share: