ਭਾਜਪਾ ਆਗੂ ਦਿਲੀਪ ਘੋਸ਼ ਨੇ 60 ਸਾਲ ਦੀ ਉਮਰ ’ਚ ਕਰਵਾਇਆ ਵਿਆਹ

ਭਾਜਪਾ ਆਗੂ ਦਿਲੀਪ ਘੋਸ਼ ਨੇ 60 ਸਾਲ ਦੀ ਉਮਰ ’ਚ ਕਰਵਾਇਆ ਵਿਆਹ

ਕੋਲਕਾਤਾ : ਪੱਛਮੀ ਬੰਗਾਲ ਭਾਜਪਾ ਦੇ ਸਾਬਕਾ ਪ੍ਰਧਾਨ ਦਿਲੀਪ ਘੋਸ਼ ਅੱਜ ਇੱਕ ਨਿੱਜੀ ਸਮਾਗਮ ਦੌਰਾਨ ਪਾਰਟੀ ਆਗੂ ਰਿੰਕੂ ਮਜੂਮਦਾਰ ਨਾਲ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਘੋਸ਼ ਤੇ ਉਨ੍ਹਾਂ ਦੀ ਪਤਨੀ ਰਵਾਇਤੀ ਬੰਗਾਲੀ ਪਹਿਰਾਵੇ ਵਿੱਚ ਵਿਆਹ ਦੀਆਂ ਰਸਮਾਂ ਪੂਰੀ ਕਰਨ ਮਗਰੋਂ ਮੀਡੀਆ ਦੇ ਸਾਹਮਣੇ ਆਏ ਤੇ ਲੋਕਾਂ ਤੋਂ ਸ਼ੁਭਕਾਮਨਾਵਾਂ ਲਈਆਂ। ਘੋਸ਼ (60) ਨੇ ਕੋਲਕਾਤਾ ਨੇੜੇ ਨਿਊ ਟਾਊਨ ਵਿਚਲੀ ਆਪਣੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ, ‘ਮੈਂ ਹਰ ਕਿਸੇ ਦਾ ਸ਼ੁਭਕਾਮਨਾਵਾਂ ਲਈ ਧੰਨਵਾਦ ਕਰਦਾ ਹਾਂ। ਮੈਂ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੈਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੇਰੀ ਨਿੱਜੀ ਜ਼ਿੰਦਗੀ ਦਾ ਮੇਰੇ ਸਿਆਸੀ ਜੀਵਨ ’ਤੇ ਕੋਈ ਅਸਰ ਨਹੀਂ ਪਵੇਗਾ।’ ਘੋਸ਼ ਨੇ ਕਿਹਾ ਕਿ ਉਨ੍ਹਾਂ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਵਿਆਹ ਕਰਵਾਇਆ ਹੈ। ਘੋਸ਼ ਹੁਣ ਤੱਕ ਅਣਵਿਆਹੇ ਸਨ ਜਦਕਿ ਰਿੰਕੂ ਮਜੂਮਦਾਰ (51) ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦੇ ਨੇੜਲੇ ਜਾਣਕਾਰਾਂ ਨੇ ਦੱਸਿਆ ਕਿ ਦੋਵਾਂ ਦੀ ਮੁਲਾਕਾਤ 2021 ਵਿੱਚ ਈਕੋ ਪਾਰਕ ’ਚ ਸਵੇਰ ਦੀ ਸੈਰ ਕਰਦਿਆਂ ਹੋਈ ਸੀ ਅਤੇ ਇਸ ਮਹੀਨੇ ਈਡਨ ਗਾਰਡਨ ’ਚ ਆਈਪੀਐੱਲ ਦੇ ਮੈਚ ਦੌਰਾਨ ਦੋਵਾਂ ਨੇ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ ਸੀ।

Share: