ਨਵੀਂ ਦਿੱਲੀ : ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਦੇ ‘ਮੁਸਲਿਮ ਕਮਿਸ਼ਨਰ’ ਵਾਲੇ ਬਿਆਨ ’ਤੇ ਨਿਸ਼ਾਨਾ ਸੇਧਦਿਆਂ ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸਵਾਈ ਕੁਰੈਸ਼ੀ ਨੇ ਅੱਜ ਕਿਹਾ ਕਿ ਉਹ ਭਾਰਤ ਨੂੰ ਲੈ ਕੇ ਅਜਿਹੀ ਧਾਰਨਾ ਵਿੱਚ ਭਰੋਸਾ ਰੱਖਦੇ ਹਨ, ਜਿੱਥੇ ਵਿਅਕਤੀ ਦੀ ਪਛਾਣ ਉਸ ਦੇ ਯੋਗਦਾਨ ਨਾਲ ਹੁੰਦੀ ਹੈ। ਉਨ੍ਹਾਂ ਭਾਜਪਾ ਦੇ ਸੰਸਦ ਮੈਂਬਰ ਦੂਬੇ ਦੇ ਬਿਆਨਾਂ ’ਤੇ ਮੋੜਵਾਂ ਹਮਲਾ ਕਰਦੇ ਹੋਏ ਇਹ ਵੀ ਕਿਹਾ ਕਿ ਕੁਝ ਲੋਕਾਂ ਲਈ ਧਾਰਮਿਕ ਪਛਾਣ ਉਨ੍ਹਾਂ ਦੀ ਨਫ਼ਰਤ ਵਾਲੀ ਸਿਆਸਤ ਨੂੰ ਅੱਗੇ ਵਧਾਉਣ ਦਾ ਮੁੱਖ ਆਧਾਰ ਹੈ। ਕੁਰੈਸ਼ੀ ਨੇ ਕਿਹਾ ਕਿ ਭਾਰਤ ਹਮੇਸ਼ਾ ਆਪਣੀਆਂ ਸੰਵਿਧਾਨਕ ਸੰਸਥਾਵਾਂ ਤੇ ਸਿਧਾਂਤਾਂ ਲਈ ਖੜ੍ਹਾ ਰਿਹੈ, ਖੜ੍ਹਾ ਹੈ ਤੇ ਖੜ੍ਹਾ ਰਹੇਗਾ ਅਤੇ ਲੜਦਾ ਰਹੇਗਾ। ਕੁਰੈਸ਼ੀ ਨੇ ਕਿਹਾ, ‘‘ਮੈਂ ਚੋਣ ਕਮਿਸ਼ਨਰ ਦੇ ਸੰਵਿਧਾਨਕ ਅਹੁਦੇ ’ਤੇ ਆਪਣੀ ਸਰਬੋਤਮ ਸਮਰੱਥਾ ਨਾਲ ਕੰਮ ਕੀਤਾ ਅਤੇ ਆਈਏਐੱਸ ਵਿੱਚ ਮੇਰਾ ਲੰਬਾ ਤੇ ਤਸੱਲੀਬਖ਼ਸ਼ ਕਰੀਅਰ ਰਿਹਾ। ਮੈਂ ਭਾਰਤ ਨੂੰ ਲੈ ਕੇ ਅਜਿਹੀ ਧਾਰਨਾ ਵਿੱਚ ਵਿਸ਼ਵਾਸ ਰੱਖਦਾ ਹਾਂ, ਜਿੱਥੇ ਵਿਅਕਤੀ ਨੂੰ ਉਸ ਦੀ ਪ੍ਰਤਿਭਾ ਅਤੇ ਯੋਗਦਾਨ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ, ਨਾ ਕਿ ਉਸ ਦੀ ਧਾਰਮਿਕ ਪਛਾਣ ਨਾਲ।’’ ਇਸ ਤੋਂ ਪਹਿਲਾਂ ਸਵੇਰ ਸਮੇਂ ਬਿਨਾਂ ਕਿਸੇ ਸੰਦਰਭ ਤੋਂ ਕੁਰੈਸ਼ੀ ਨੇ ਪੋਸਟ ਕੀਤਾ, ‘‘ਮੈਂ ਬਹੁਤ ਪਹਿਲਾਂ ਹੀ ਸਿੱਖ ਲਿਆ ਸੀ ਕਿ ਸੂਰ ਦੇ ਨਾਲ ਕਦੇ ਕੁਸ਼ਤੀ ਨਹੀਂ ਲੜਨੀ ਚਾਹੀਦੀ। ਤੁਸੀਂ ਗੰਦੇ ਹੋ ਜਾਂਦੇ ਹੋ ਅਤੇ ਇਸ ਤੋਂ ਇਲਾਵਾ ਸੂਰ ਨੂੰ ਇਹ ਪਸੰਦ ਹੈ -ਜੌਰਜ ਬਰਨਾਰਡ ਸ਼ਾਅ। ਮਹਾਨ ਲੇਖਕ ਦਾ ਇਕ ਬਹੁਤ ਹੀ ਸਮਝਦਾਰੀ ਵਾਲਾ ਉਦਹਾਰਨ।’’ ਇਸ ਵਿਚਾਲੇ, ਦਿੱਲੀ ਪ੍ਰਸ਼ਾਸਨਿਕ ਅਧਿਕਾਰੀ ਅਕੈਡਮੀ ਫੋਰਮ ਦੇ ਆਨਰੇਰੀ ਪ੍ਰਧਾਨ ਆਈਏਐੱਸ ਕੇ ਮਹੇਸ਼ ਨੇ ਕੁਰੈਸ਼ੀ ਦਾ ਸਮਰਥਨ ਕੀਤਾ ਹੈ।
Posted inNews
ਕੁਝ ਲੋਕਾਂ ਲਈ ਧਾਰਮਿਕ ਪਛਾਣ ਨਫ਼ਰਤ ਨੂੰ ਅੱਗੇ ਵਧਾਉਣ ਦਾ ਆਧਾਰ: ਕੁਰੈਸ਼ੀ
