ਕੇਰਲਾ ਹਾਈ ਕੋਰਟ ਵੱਲੋਂ ਪੱਤਰਕਾਰਾਂ ਖ਼ਿਲਾਫ਼ ਦਰਜ ਪੋਕਸੋ ਤੇ ਫ਼ਰਜ਼ੀਵਾੜੇ ਦਾ ਕੇਸ ਰੱਦ

ਕੋਚੀ : ਕੇਰਲਾ ਹਾਈ ਕੋਰਟ ਨੇ ਮਲਿਆਲਮ ਨਿਊਜ਼ ਚੈਨਲ ਏਸ਼ੀਆਨੈੱਟ ਦੇ ਛੇ ਪੱਤਰਕਾਰਾਂ ਖ਼ਿਲਾਫ਼ ਪੋਕਸੋ ਐਕਟ ਤਹਿਤ ਦਰਜ ਕੇਸ ਅੱਜ ਖਾਰਜ ਕਰ ਦਿੱਤਾ। ਇਨ੍ਹਾਂ ਪੱਤਰਕਾਰਾਂ ’ਤੇ ਦੋ ਸਾਲ ਪਹਿਲਾਂ ਨਸ਼ੀਲੇ ਪਦਾਰਥਾਂ ਦੇ ਗਲਤ ਇਸਤੇਮਾਲ ਦੇ ਮਾੜੇ ਪ੍ਰਭਾਵਾਂ ਬਾਰੇ ਕਰਵਾਏ ਗਏ ਇਕ ਪ੍ਰੋਗਰਾਮ ਵਿੱਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਨਾਬਾਲਗ ਲੜਕੀ ਦੀ ਪਛਾਣ ਜਨਤਕ ਕਰਨ ਦਾ ਦੋਸ਼ ਸੀ। ਸਰਕਾਰੀ ਧਿਰ ਨੇ ਦੋਸ਼ ਲਗਾਇਆ ਸੀ ਕਿ ਚੈਨਲ ਦੇ ਪੱਤਰਕਾਰਾਂ ਨੇ ‘ਨਾਰਕੋਟਿਕਸ ਇਕ ਗੰਦਾ ਕਾਰੋਬਾਰ ਹੈ’’ ਪ੍ਰੋਗਰਾਮ ਦਾ ਪ੍ਰਸਾਰਨ ਕਰ ਕੇ ਸੂਬਾ ਸਰਕਾਰ ਦਾ ਅਕਸ ਖ਼ਰਾਬ ਕਰਨ ਦੀ ਸਾਜ਼ਿਸ਼ ਰਚੀ ਸੀ। ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਮੁਲਜ਼ਮਾਂ ਨੇ ਜਿਨਸੀ ਸ਼ੋਸ਼ਣ ਦੀ ਸ਼ਿਕਾਰ ਨਾਬਾਲਗ ਲੜਕੀ ਦੀ ਪਛਾਣ ਪ੍ਰੋਗਰਾਮ ਵਿੱਚ ਉਸ ਦੀ ਆਵਾਜ਼ ਦਾ ਇਸਤੇਮਾਲ ਕਰ ਕੇ ਜਨਤਕ ਕੀਤੀ ਅਤੇ ਇਕ ਮੁਲਜ਼ਮ ਪੱਤਰਕਾਰ ਦੀ ਨਾਬਾਲਗ ਧੀ ਦਾ ਇਸਤੇਮਾਲ ਪੀੜਤਾ ਦੇ ਨਾਟਕੀ ਰੂਪਾਂਤਰ ਵਿੱਚ ਕੀਤਾ ਅਤੇ ਖ਼ਬਰ ਦੀ ਰਿਪੋਰਟ ਦੇ ਵੀਡੀਓ ਨਾਲ ਛੇੜਛਾੜ ਕੀਤੀ। ਜਸਟਿਸ ਏ ਬਦਰੂਦੀਨ ਨੇ ਨਾਟਕੀ ਰੂਪਾਂਤਰ ਦੇ ਪਿੱਛੇ ਮਨਸ਼ਾ ਹੋਣ ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਪੱਤਰਕਾਰਾਂ ਨੇ ਪੀੜਤਾ ਦੀ ਪਛਾਣ ਸੁਰੱਖਿਅਤ ਰੱਖਣ ਲਈ ਚਿਹਰਾ ਬਦਲ ਦਿੱਤਾ ਸੀ।

Share: