ਮੁੰਬਈ : ਜਦੋਂ ਅਤਿਵਾਦੀ ਆਏ ਤਾਂ ਪਰਿਵਾਰ ਡਰ ਨਾਲ ਤੰਬੂ ਅੰਦਰ ਬੈਠਾ ਸੀ। ਉਨ੍ਹਾਂ 54 ਸਾਲਾ ਸੰਤੋਸ਼ ਜਗਦਲੇ ਨੂੰ ਬਾਹਰ ਆ ਕੇ ਇਸਲਾਮੀ ਆਇਤ ਦਾ ਪਾਠ ਕਰਨ ਲਈ ਕਿਹਾ। ਜਦੋਂ ਉਹ ਨਹੀਂ ਕਰ ਸਕਿਆ, ਤਾਂ ਉਨ੍ਹਾਂ ਨੇ ਉਸ ਨੂੰ ਤਿੰਨ ਗੋਲੀਆਂ ਮਾਰੀਆਂ; ਇੱਕ ਸਿਰ ਵਿੱਚ, ਦੂਜੀ ਕੰਨ ਦੇ ਪਿੱਛੇ ਅਤੇ ਤੀਜੀ ਉਸ ਦੀ ਪਿੱਠ ਵਿੱਚ। ਪੁਣੇ ਦੇ ਕਾਰੋਬਾਰੀ ਦੀ 26 ਸਾਲਾ ਧੀ ਨੇ ਇਸ ਖ਼ਬਰ ਏਜੰਸੀ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਹੋਏ ਦਹਿਸ਼ਤੀ ਹਮਲੇ ਦਾ ਖ਼ੌਫਨਾਕ ਮੰਜ਼ਰ ਬਿਆਨ ਕੀਤਾ। ਅਸਾਵਰੀ ਜਗਦਲੇ ਨੇ ਕਿਹਾ ਕਿ ਜਦੋਂ ਉਸ ਦੇ ਪਿਤਾ ਜ਼ਮੀਨ ’ਤੇ ਡਿੱਗ ਪਏ, ਤਾਂ ਬੰਦੂਕਧਾਰੀਆਂ ਨੇ ਉਸ ਦੇ ਚਾਚੇ ’ਤੇ ਹਮਲਾ ਕਰ ਦਿੱਤਾ ਜੋ ਉਸ ਦੇ ਕੋਲ ਪਿਆ ਸੀ ਅਤੇ ਉਸ ਦੀ ਪਿੱਠ ਵਿੱਚ ਕਈ ਗੋਲੀਆਂ ਮਾਰੀਆਂ।
ਅਸਾਵਰੀ ਜਗਦਲੇ ਨੇ ਗੋਲੀਬਾਰੀ ਤੋਂ ਪੰਜ ਘੰਟੇ ਬਾਅਦ ਇੱਕ ਟੈਲੀਫੋਨ ਇੰਟਰਵਿਊ ਵਿੱਚ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਸਾਡਾ ਪੰਜ ਲੋਕਾਂ ਦਾ ਇੱਕ ਸਮੂਹ ਸੀ, ਜਿਸ ਵਿੱਚ ਮੇਰੇ ਮਾਤਾ-ਪਿਤਾ ਵੀ ਸ਼ਾਮਲ ਸਨ। ਅਸੀਂ ਪਹਿਲਗਾਮ ਨੇੜੇ ਬੈਸਰਨ ਘਾਟੀ ਵਿੱਚ ਸੀ ਅਤੇ ਗੋਲੀਬਾਰੀ ਸ਼ੁਰੂ ਹੋਣ ਮੌਕੇ ਮਿੰਨੀ ਸਵਿਟਜ਼ਰਲੈਂਡ ਨਾਮਕ ਸਥਾਨ ’ਤੇ ਸੀ।’’
ਅਸਾਵਰੀ ਨੂੰ ਨਹੀਂ ਪਤਾ ਕਿ ਉਸ ਦੇ ਪਿਤਾ ਅਤੇ ਚਾਚਾ ਜ਼ਿੰਦਾ ਹਨ ਜਾਂ ਮਰਿਆਂ ਵਿੱਚੋਂ ਹਨ। ਉਹ, ਉਸ ਦੀ ਮਾਂ ਅਤੇ ਇੱਕ ਹੋਰ ਮਹਿਲਾ ਰਿਸ਼ਤੇਦਾਰ ਨੂੰ ਬਚਾਇਆ ਗਿਆ, ਅਤੇ ਸਥਾਨਕ ਲੋਕਾਂ ਅਤੇ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਪਹਿਲਗਾਮ ਕਲੱਬ ਵਿੱਚੋਂ ਕੱਢਿਆ। ਉਹ ਆਪਣੇ ਸਮੂਹ ਵਿਚ ਸ਼ਾਮਲ ਦੋ ਆਦਮੀਆਂ ਦੀ ਕਿਸਮਤ ਬਾਰੇ ਅਣਜਾਣ ਹਨ।
ਅਸਾਵਰੀ, ਜੋ ਪੁਣੇ ਵਿੱਚ ਮਨੁੱਖੀ ਸਰੋਤ ਪੇਸ਼ੇਵਰ ਹੈ, ਨੇ ਕਿਹਾ ਕਿ ਉਸ ਦਾ ਪਰਿਵਾਰ ਉਸ ਸੁੰਦਰ ਸਥਾਨ ’ਤੇ ਛੁੱਟੀਆਂ ਮਨਾ ਰਿਹਾ ਸੀ ਜਦੋਂ ਉਨ੍ਹਾਂ ਨੇ ਨੇੜਲੀ ਪਹਾੜੀ ਤੋਂ ‘ਸਥਾਨਕ ਪੁਲੀਸ ਵਰਗੇ ਕੱਪੜੇ ਪਾਈ ਲੋਕਾਂ’ ਵੱਲੋਂ ਗੋਲੀਬਾਰੀ ਦੀ ਆਵਾਜ਼ ਸੁਣੀ।
ਅਸਾਵਰੀ ਨੇ ਕਿਹਾ, ‘‘ਅਸੀਂ ਤੁਰੰਤ ਬਚਾਅ ਲਈ ਨੇੜਲੇ ਤੰਬੂ ਵੱਲ ਭੱਜੇ। ਛੇ ਤੋਂ ਸੱਤ ਹੋਰਾਂ (ਸੈਲਾਨੀਆਂ) ਵੀ ਇਸੇ ਤਰ੍ਹਾਂ ਕੀਤਾ। ਅਸੀਂ ਸਾਰੇ ਗੋਲੀਬਾਰੀ ਤੋਂ ਬਚਾਅ ਲਈ ਜ਼ਮੀਨ ’ਤੇ ਲੇਟ ਗਏੇ।’’ ਉਸ ਨੇ ਕਿਹਾ ਕਿ ਅਤਿਵਾਦੀਆਂ ਦਾ ਸਮੂਹ ਪਹਿਲਾਂ ਨੇੜਲੇ ਤੰਬੂ ਵਿੱਚ ਆਇਆ ਅਤੇ ਗੋਲੀਬਾਰੀ ਕੀਤੀ। ਉਸ ਨੇ ਕਿਹਾ, ‘‘ਫਿਰ ਉਹ ਸਾਡੇ ਤੰਬੂ ਵਿੱਚ ਆਏ ਅਤੇ ਮੇਰੇ ਪਿਤਾ ਨੂੰ ਬਾਹਰ ਆਉਣ ਲਈ ਕਿਹਾ।’’
ਅਸਾਵਰੀ ਨੇ ਕਿਹਾ, ‘‘ਉਨ੍ਹਾਂ ਕਿਹਾ ‘ਚੌਧਰੀ ਤੂ ਬਾਹਰ ਆ ਜਾ।’’ ਫਿਰ ਦਹਿਸ਼ਤਗਰਦਾਂ ਨੇ ਉਨ੍ਹਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਕਰਨ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਕੁਝ ਬਿਆਨ ਦਿੱਤੇ ਕਿ ਜਿਸ ਵਿਚ ਉਨ੍ਹਾਂ ਕਸ਼ਮੀਰੀ ਅਤਿਵਾਦੀ ਵੱਲੋਂ ਮਾਸੂਮ ਲੋਕਾਂ, ਔਰਤਾਂ ਅਤੇ ਬੱਚਿਆਂ ਨੂੰ ਮਾਰਨ ਤੋਂ ਇਨਕਾਰ ਕੀਤਾ। ਉਸ ਨੇ ਕਿਹਾ, ‘‘ਫਿਰ ਉਨ੍ਹਾਂ ਮੇਰੇ ਪਿਤਾ ਨੂੰ ਇੱਕ ਇਸਲਾਮੀ ਆਇਤ (ਸ਼ਾਇਦ ਕਲਮਾ) ਦਾ ਪਾਠ ਕਰਨ ਲਈ ਕਿਹਾ। ਜਦੋਂ ਉਹ ਅਜਿਹਾ ਕਰਨ ਵਿੱਚ ਅਸਫਲ ਰਹੇ, ਤਾਂ ਉਨ੍ਹਾਂ ਨੇ ਉਨ੍ਹਾਂ ’ਤੇ ਤਿੰਨ ਗੋਲੀਆਂ ਚਲਾਈਆਂ, ਇੱਕ ਸਿਰ ਵਿੱਚ, ਇੱਕ ਕੰਨ ਦੇ ਪਿੱਛੇ ਅਤੇ ਦੂਜੀ ਪਿੱਠ ਵਿੱਚ। ਮੇਰਾ ਚਾਚਾ ਮੇਰੇ ਨਾਲ ਸੀ। ਅਤਿਵਾਦੀਆਂ ਨੇ ਉਨ੍ਹਾਂ ’ਤੇ ਚਾਰ ਤੋਂ ਪੰਜ ਗੋਲੀਆਂ ਚਲਾਈਆਂ।’’ ਉਨ੍ਹਾਂ ਮੌਕੇ ’ਤੇ ਮੌਜੂਦ ਕਈ ਹੋਰ ਆਦਮੀਆਂ ਨੂੰ ਗੋਲੀ ਮਾਰ ਦਿੱਤੀ। ਮਦਦ ਕਰਨ ਲਈ ਕੋਈ ਨਹੀਂ ਸੀ। ਕੋਈ ਪੁਲੀਸ ਜਾਂ ਫੌਜ ਨਹੀਂ ਸੀ, ਜੋ 20 ਮਿੰਟ ਬਾਅਦ ਪਹੁੰਚੀ। ਇੱਥੋਂ ਤੱਕ ਕਿ ਉੱਥੇ ਦੇ ਸਥਾਨਕ ਲੋਕ ਵੀ ਇਸਲਾਮੀ ਆਇਤ ਦਾ ਪਾਠ ਕਰ ਰਹੇ ਸਨ।
ਅਸਾਵਰੀ ਨੇ ਕਿਹਾ, ‘‘ਜੋ ਲੋਕ ਸਾਨੂੰ ਘੋੜਿਆਂ ’ਤੇ ਬਿਠਾ ਕੇ ਮੌਕੇ ’ਤੇ ਲੈ ਕੇ ਗਏ ਸਨ, ਉਨ੍ਹਾਂ ਨੇ ਸਾਨੂੰ -ਮੈਂ ਅਤੇ ਮੇਰੀ ਮਾਂ ਸਮੇਤ ਤਿੰਨ ਔਰਤਾਂ ਨੂੰ- ਵਾਪਸੀ ਦੀ ਯਾਤਰਾ ਵਿੱਚ ਮਦਦ ਕੀਤੀ। ਬਾਅਦ ਵਿੱਚ ਸਾਡੀ ਸੱਟਾਂ ਦੀ ਜਾਂਚ ਕਰਨ ਲਈ ਡਾਕਟਰੀ ਜਾਂਚ ਕਰਵਾਈ ਗਈ ਅਤੇ ਫਿਰ ਪਹਿਲਗਾਮ ਕਲੱਬ ਭੇਜ ਦਿੱਤਾ ਗਿਆ। ਗੋਲੀਬਾਰੀ ਦੁਪਹਿਰ 3.30 ਵਜੇ ਦੇ ਕਰੀਬ ਹੋਈ। 5 ਘੰਟੇ ਹੋ ਗਏ ਹਨ ਅਤੇ ਮੇਰੇ ਪਿਤਾ ਅਤੇ ਚਾਚੇ ਦੀ ਡਾਕਟਰੀ ਸਥਿਤੀ ਬਾਰੇ ਕੋਈ ਅਪਡੇਟ ਨਹੀਂ ਹੈ।’’