ਰਾਮਬਨ/ਜੰਮੂ : ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਅੱਜ ਵੱਡੇ ਤੜਕੇ ਭਾਰੀ ਮੀਂਹ ਤੇ ਬੱਦਲ ਫਟਣ ਕਰਕੇ ਹੜ੍ਹਾਂ ਵਾਲੇ ਹਾਲਾਤ ਬਣ ਗਏ ਹਨ। ਇਸ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 100 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਰਣਨੀਤਕ ਪੱਖੋਂ ਅਹਿਮ ਜੰਮੂ-ਸ਼੍ਰੀਨਗਰ ਕੌਮੀ ਸ਼ਾਹਰਾਹ ’ਤੇ ਨਾਸ਼ਰੀ ਅਤੇ ਬਨਿਹਾਲ ਵਿਚਾਲੇ ਕਰੀਬ ਇੱਕ ਦਰਜਨ ਥਾਵਾਂ ’ਤੇ ਜ਼ਮੀਨ ਖਿਸਕਣ ਤੇ ਢਿੱਗਾਂ ਡਿੱਗਣ ਕਾਰਨ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਉਧਰ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹਾਲਾਤ ਦੀ ਸਮੀਖਿਆ ਲਈ ਬੈਠਕ ਸੱਦ ਲਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਰਾਮਬਨ ਦੇ ਸੇਰੀ ਬਾਗਨਾ ਪਿੰਡ ਵਿੱਚ ਬੱਦਲ ਫਟਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਆਕਿਬ ਅਹਿਮਦ ਅਤੇ ਮੁਹੰਮਦ ਸਾਕਿਬ ਨਾਂ ਦੋ ਭਰਾ ਵੀ ਸ਼ਾਮਲ ਹਨ। ਆਖਰੀ ਰਿਪੋਰਟਾਂ ਮਿਲਣ ਤੱਕ ਰਾਹਤ ਤੇ ਬਚਾਅ ਕਾਰਜ ਜਾਰੀ ਸਨ। ਇਨ੍ਹਾਂ ਤਾਜ਼ਾ ਮੌਤਾਂ ਨਾਲ ਜੰਮੂ ਖੇਤਰ ਵਿੱਚ ਦੋ ਦਿਨਾਂ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਸ਼ਨਿੱਚਰਵਾਰ ਦੇਰ ਰਾਤ ਰਿਆਸੀ ਜ਼ਿਲ੍ਹੇ ਦੇ ਅਰਨਾਸ ਖੇਤਰ ਵਿੱਚ ਬਿਜਲੀ ਡਿੱਗਣ ਨਾਲ ਇੱਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਔਰਤ ਜ਼ਖ਼ਮੀ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਧਰਮ ਕੁੰਡ ਪਿੰਡ ਵਿੱਚ ਅਚਾਨਕ ਆਏ ਹੜ੍ਹ ਕਾਰਨ ਕਰੀਬ 40 ਰਿਹਾਇਸ਼ੀ ਘਰ ਨੁਕਸਾਨੇ ਗਏ। ਦਸ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਜਦੋਂ ਕਿ ਬਾਕੀਆਂ ਨੂੰ ਅੰਸ਼ਕ ਨੁਕਸਾਨ ਪਹੁੰਚਿਆ। ਉਨ੍ਹਾਂ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਅਤੇ ਬੱਦਲ ਫਟਣ ਦੇ ਬਾਵਜੂਦ ਮੌਕੇ ’ਤੇ ਪਹੁੰਚੇ ਪੁਲੀਸ ਮੁਲਾਜ਼ਮਾਂ ਨੇ 100 ਤੋਂ ਵੱਧ ਫਸੇ ਹੋਏ ਪਿੰਡ ਵਾਸੀਆਂ ਨੂੰ ਬਚਾਇਆ। ਨਾਲੇ ਵਿਚ ਆਏ ਹੜ੍ਹ ਕਾਰਨ ਕਈ ਵਾਹਨ ਵਹਿ ਗਏ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰੀ ਮੀਂਹ, ਬੱਦਲ ਫਟਣ, ਤੇਜ਼ ਹਵਾਵਾਂ, ਜ਼ਮੀਨ ਖਿਸਕਣ ਅਤੇ ਗੜੇਮਾਰੀ ਕਾਰਨ ਪੂਰੇ ਜ਼ਿਲ੍ਹੇ ਵਿੱਚ ਭਾਰੀ ਨੁਕਸਾਨ ਹੋਇਆ ਹੈ।
ਇਕ ਸੀਨੀਅਰ ਅਧਿਕਾਰੀ ਨੇ ਆਪਣੇ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਕਿਹਾ, ‘‘ਅਸੀਂ ਹਾਲਾਤ ਦੀ ਨਿਗਰਾਨੀ ਕਰ ਰਹੇ ਹਾਂ ਅਤੇ ਪ੍ਰਭਾਵਿਤ ਆਬਾਦੀ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸਮੀਖਿਆ ਕੀਤੀ ਜਾਵੇਗੀ। ਇਸ ਵੇਲੇ ਸਾਡੀ ਤਰਜੀਹ ਜਾਨਾਂ ਬਚਾਉਣ ਦੀ ਹੈ।’’
ਉਧਰ ਟਰੈਫਿਕ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਨਸਰੀ ਅਤੇ ਬਨਿਹਾਲ ਵਿਚਾਲੇ ਕਈ ਥਾਵਾਂ ’ਤੇ ਜ਼ਮੀਨ ਖਿਸਕਣ, ਢਿੱਗਾਂ ਡਿੱਗਣ ਕਾਰਨ ਜੰਮੂ-ਸ਼੍ਰੀਨਗਰ ਕੌਮੀ ਸ਼ਾਹਰਾਹ ’ਤੇ ਵਾਹਨਾਂ ਦੀ ਆਵਾਜਾਈ ਦੋਵਾਂ ਪਾਸਿਆਂ ਤੋਂ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜਮਾਰਗ ’ਤੇ ਮੀਂਹ ਜਾਰੀ ਹੈ ਅਤੇ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਮੌਸਮ ਵਿੱਚ ਸੁਧਾਰ ਹੋਣ ਅਤੇ ਸੜਕ ਸਾਫ਼ ਹੋਣ ਤੱਕ ਮੁੱਖ ਸੜਕ ’ਤੇ ਯਾਤਰਾ ਨਾ ਕਰਨ।
ਅਧਿਕਾਰੀਆਂ ਨੇ ਦੱਸਿਆ ਕਿ ਪੰਥਿਆਲ ਨੇੜੇ ਸੜਕ ਦਾ ਇੱਕ ਹਿੱਸਾ ਵੀ ਵਹਿ ਗਿਆ ਅਤੇ ਫਸੇ ਹੋਏ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਗਿਆ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹਾਲਾਤ ਦੀ ਸਮੀਖਿਆ ਲਈ ਮੀਟਿੰਗ ਸੱਦ ਲਈ ਹੈ। ਉਧਰ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਡਿਪਟੀ ਕਮਿਸ਼ਨਰ ਬਸ਼ੀਰ-ਉਲ-ਹੱਕ ਚੌਧਰੀ ਦੀ ਅਗਵਾਈ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਮਤੀ ਜਾਨਾਂ ਬਚਾਉਣ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ।