ਮਾਨੇਸਰ : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਕਿਹਾ ਕਿ ਵਧੀਆ ਨੀਤੀਆਂ ਤੇ ਉਤਸ਼ਾਹਿਤ ਕੀਤੇ ਜਾਣ ਸਦਕਾ ਪਿਛਲੇ ਦਹਾਕੇ ’ਚ ਭਾਰਤ ਦੇ ਇਲੈੱਕਟ੍ਰਾਨਿਕਸ ਉਤਪਾਦਨ ਤੇ ਬਰਾਮਦ ’ਚ ਕਈ ਗੁਣਾ ਵਾਧਾ ਹੋਇਆ ਹੈ ਤੇ ਭਾਰਤੀ ਉਤਪਾਦਾਂ ਦੀ ਭਰੋਸੇਯੋਗਤਾ ਤੇ ਆਈਪੀ ਅਧਿਕਾਰਾਂ ਨੂੰ ਆਲਮੀ ਪੱਧਰ ’ਤੇ ਮਾਨਤਾ ਮਿਲ ਰਹੀ ਹੈ। ਮਾਨੇਸਰ ’ਚ ਵੀਵੀਡੀਐੱਨ ਤਕਨਾਲੋਜੀਜ਼ ਦੀ ਐੱਸਐੱਮਟੀ (ਸਰਫੇਸ ਮਾਊਂਟ ਤਕਨਾਲੋਜੀ) ਲਾਈਨ ਦਾ ਉਦਘਾਟਨ ਕਰਦਿਆਂ ਇਲੈੱਕਟ੍ਰਾਨਿਕਸ ਤੇ ਆਈਟੀ ਮੰਤਰੀ ਨੇ ਆਖਿਆ ਕਿ ਪਿਛਲੇ ਦਹਾਕੇ ’ਚ ਭਾਰਤ ਦਾ ਇਲੈੱਕਟ੍ਰਾਨਿਕਸ ਉਤਪਾਦਨ ਪੰਜ ਗੁਣਾ ਹੋ ਕੇ 11 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਗਿਆ ਹੈ। ਇਸ ਮਿਆਦ ਦੌਰਾਨ ਬਰਾਮਦ ’ਚ ਛੇ ਗੁਣਾ ਵਾਧਾ ਹੋਇਆ ਹੈ, ਜੋ 3.25 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ ਤੇ ਪੂਰੇ ਸੈਕਟਰ ਨੂੰ ਮਿਲਾ ਕੇ 25 ਲੱਖ ਨੌਕਰੀਆਂ ਪੈਦਾ ਹੋਈਆਂ ਹਨ। ਇਸ ਦੌਰਾਨ ਕੇਂਦਰੀ ਮੰਤਰੀ ਨੇ ਉਮੀਦ ਜਤਾਈ ਕਿ ਅਗਲੇ ਹਫ਼ਤੇ ਭਾਰਤ ਆ ਰਹੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਦੇ ਦੌਰੇ ਦੇ ਸਕਾਰਾਤਮਕ ਨਤੀਜੇ ਨਿਕਲਣਗੇ। ਵੈਸ਼ਨਵ ਨੇ ਕਿਹਾ ਕਿ ਭਾਰਤ ਦੀਆਂ ਡਿਜ਼ਾਈਨ ਸਮਰੱਥਾਵਾਂ ਨੇ ਗੁੰਝਲਦਾਰ ਉਤਪਾਦਾਂ ਜਿਵੇਂ ਮਸਨੂਈ ਬੌਧਿਕਤਾ (ਏਆਈ) ਨਾਲ ਲੈਸ ਕੈਮਰਿਆਂ ਤੋਂ ਲੈ ਕੇ ਮੋਟਰ ਵਾਹਨ ਇਲੈੱਕਟ੍ਰਾਨਿਕਸ ਤੇ ਟੈਲੀਕਾਮ ਨੈੱਟਵਰਕ ਆਦਿ ਤੱਕ ਲਈ ਰਾਹ ਪੱਧਰਾ ਕੀਤਾ ਹੈ।
Posted inNews
ਭਾਰਤੀ ਇਲੈਕਟ੍ਰਾਨਿਕ ਉਤਪਾਦਾਂ ਨੂੰ ਆਲਮੀ ਪੱਧਰ ’ਤੇ ਮਾਨਤਾ ਮਿਲੀ: ਵੈਸ਼ਨਵ
