ਭਾਰਤ ਵੱਲੋਂ ਐੱਚਏਐੱਲ ਦੇ ਰੂਸ ਨਾਲ ਸਬੰਧਾਂ ਬਾਰੇ ਦੋਸ਼ ਰੱਦ

ਭਾਰਤ ਵੱਲੋਂ ਐੱਚਏਐੱਲ ਦੇ ਰੂਸ ਨਾਲ ਸਬੰਧਾਂ ਬਾਰੇ ਦੋਸ਼ ਰੱਦ

ਨਵੀਂ ਦਿੱਲੀ-ਬ੍ਰਿਟਿਸ਼ ਏਅਰੋਸਪੇਸ ਨਾਲ ਜੁੜੀ ਕੰਪਨੀ ਦਾ ਸਬੰਧ ਭਾਰਤ ਦੇ ਰੱਖਿਆ ਖੇਤਰ ਦੀ ਜਨਤਕ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਨਾਲ ਜੋੜਨ ਤੇ ਇਸ ਕੰਪਨੀ ਦਾ ਸਬੰਧ ਅੱਗੇ ਰੂਸ ਦੀ ਹਥਿਆਰ ਏਜੰਸੀ ਨਾਲ ਹੋਣ ਬਾਰੇ ‘ਨਿਊ ਯਾਰਕ ਟਾਈਮਜ਼’ ਵਿੱਚ ਪ੍ਰਕਾਸ਼ਿਤ ਖ਼ਬਰ ‘ਗਲਤ’ ਤੇ ਗੁਮਰਾਹਕੁੰਨ ਹੈ। ਇਹ ਦਾਅਵਾ ਅੱਜ ਸਰਕਾਰੀ ਸੂਤਰਾਂ ਨੇ ਕੀਤਾ ਹੈ। ਇਸ ਖ਼ਬਰ ਰਾਹੀਂ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬਰਤਾਨੀਆ ਦੀ ਕੰਪਨੀ ਵੱਲੋਂ ਭਾਰਤ ਦੀ ਕੰਪਨੀ ਨੂੰ ਭੇਜਿਆ ਗਿਆ ਫ਼ੌਜੀ ਸਾਜ਼ੋ-ਸਾਮਾਨ (ਹਾਰਡਵੇਅਰ) ਰੂਸ ਦੀ ਏਜੰਸੀ ‘ਰੋਸੋਬੋਰੋਨੈਕਸਪੋਰਟ’ ਕੋਲ ਪੁੱਜਿਆ ਹੋ ਸਕਦਾ ਹੈ। ਸਰਕਾਰੀ ਸੂਤਰਾਂ ਮੁਤਾਬਕ ਜਿੱਥੇ ਇਸ ਖ਼ਬਰ ਰਾਹੀਂ ਤੱਥਾਂ ਨੂੰ ਤੋੜਨ-ਮਰੋੜਨ ਦਾ ਯਤਨ ਕੀਤਾ ਗਿਆ ਹੈ, ਉੱਥੇ ਸਿਆਸੀ ਬਿਰਤਾਂਤ ਘੜਨ ਦੀ ਵੀ ਕੋਸ਼ਿਸ਼ ਕੀਤੀ ਗਈ ਜਾਪਦੀ ਹੈ ਜਦਕਿ ਮੀਡੀਆ ਅਦਾਰੇ ਨੇ ਵੀ ਇਸ ਰਿਪੋਰਟ ਨਾਲ ਜੁੜੇ ਤੱਥਾਂ ਦੀ ਪੜਚੋਲ ਕਰਨ ਦੀ ਖੇਚਲ ਨਹੀਂ ਸਮਝੀ। ਸੂਤਰਾਂ ਮੁਤਾਬਕ ਭਾਰਤ ਦੀ ਕੰਪਨੀ ਨੇ ਰਣਨੀਤਕ ਵਪਾਰ ਕੰਟਰੋਲ ਤੇ ਨੈਤਿਕ ਜ਼ਿੰਮੇਵਾਰੀ ਨਾਲ ਜੁੜੇ ਸਾਰੇ ਕੌਮਾਂਤਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ। ਸਾਡਾ ਮੰਨਣਾ ਹੈ ਕਿ ਮੰਨੇ-ਪ੍ਰਮੰਨੇ ਮੀਡੀਆ ਅਦਾਰੇ ਅਜਿਹੀਆਂ ਰਿਪੋਰਟਾਂ ਪ੍ਰਕਾਸ਼ਿਤ ਕਰਨ ਵੇਲੇ ਮੌਲਿਕ ਜ਼ਿੰਮੇਵਾਰੀ ਸਮਝਣ, ਜਿਸਦੀ ਇਸ ਖ਼ਬਰ ਦੇ ਸਬੰਧ ’ਚ ਸਪੱਸ਼ਟ ਤੌਰ ’ਤੇ ਪਾਲਣਾ ਨਹੀਂ ਕੀਤੀ ਗਈ। ਨਿਊ ਯਾਰਕ ਟਾਈਮਜ਼ ’ਚ ਛਪੀ ਖ਼ਬਰ ਵਿੱਚ ‘ਦਸਤਾਵੇਜ਼ਾਂ’ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ‘ਰਿਫਾਰਮ ਯੂਕੇ’ ਪਾਰਟੀ ਨੂੰ ਚੰਦਾ ਦੇਣ ਵਾਲੇ ਇਸ ਵੱਡੀ ਕਾਰਪੋਰੇਟ ਕੰਪਨੀ ਨੇ ਲਗਪਗ 20 ਲੱਖ ਡਾਲਰ ਦੇ ਟਰਾਂਸਮੀਟਰ, ਕੌਕਪਿਟ ਸਾਜ਼ੋ-ਸਾਮਾਨ, ਐਂਟੀਨੇ ਅਤੇ ਹੋਰ ਸੰਵੇਦਨਸ਼ੀਲ ਤਕਨਾਲੋਜੀ ਰੂਸ ਦੀ ਬਲੈਕਲਿਸਟਡ ਸਰਕਾਰੀ ਹਥਿਆਰ ਏਜੰਸੀ ਦੇ ਇੱਕ ਵੱਡੇ ਸਪਲਾਇਰ ਨੂੰ ਵੇਚ ਦਿੱਤੀ। ਇਸ ਖ਼ਬਰ ’ਚ ਦਾਅਵਾ ਕੀਤਾ ਗਿਆ ਹੈ ਕਿ 2023-2024 ਦੌਰਾਨ ਬ੍ਰਿਟਿਸ਼ ਏਅਰੋਸਪੇਸ ਨਾਲ ਜੁੜੀ ਕੰਪਨੀ ਐੱਚਆਰ ਸਮਿੱਥ ਗਰੁੱਪ ਨੇ ਭਾਰਤੀ ਕੰਪਨੀ ਨੂੰ ਇਹ ਸਾਜ਼ੋ-ਸਾਮਾਨ ਭੇਜ ਦਿੱਤਾ ਜੋ ਖ਼ੁਦ ਰੂਸ ਦੀ ਹਥਿਆਰ ਏਜੰਸੀ ਦੀ ਵੱਡੀ ਟਰੇਡਿੰਗ ਭਾਈਵਾਲ ਹੈ। ਰਿਕਾਰਡ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਐੱਚਆਰ ਸਮਿੱਥ ਦੇ ਉਤਪਾਦ ਸਿਰਫ਼ ਰੂਸ ’ਚ ਖਪ ਗਏ, ਪਰ ਇਸ ਤੋਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਕੰਪਨੀ ਤੋਂ ਸਾਮਾਨ ਲਿਆ ਤੇ ਪੁਰਾਣੇ ਉਤਪਾਦ ਕੋਡਾਂ ਨਾਲ ਹੀ ਰੂਸ ਭੇਜ ਦਿੱਤਾ।

 

Share: