ਹਿਮਾਚਲ ਦੇ ਕੁਝ ਹਿੱਸਿਆਂ ’ਚ ਝੱਖੜ ਤੋਂ ਬਾਅਦ ਭਾਰੀ ਮੀਂਹ; ਬੱਚੇ ਦੀ ਮੌਤ

ਹਿਮਾਚਲ ਦੇ ਕੁਝ ਹਿੱਸਿਆਂ ’ਚ ਝੱਖੜ ਤੋਂ ਬਾਅਦ ਭਾਰੀ ਮੀਂਹ; ਬੱਚੇ ਦੀ ਮੌਤ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਝੱਖੜ ਤੋਂ ਬਾਅਦ ਭਾਰੀ ਮੀਂਹ ਪਿਆ। ਇਸ ਤੋਂ ਇਲਾਵਾ ਕਈ ਖੇਤਰਾਂ ਵਿਚ ਗੜੇਮਾਰੀ ਵੀ ਹੋਈ। ਇੱਥੇ ਝੱਖੜ ਤੋਂ ਬਾਅਦ ਕਈ ਦਰੱਖਤ ਉਖੜ ਗਏ ਅਤੇ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਜਿਸ ਕਾਰਨ ਸ਼ਿਮਲਾ ਦੇ ਕਈ ਇਲਾਕੇ ਘੰਟਿਆਂਬੱਧੀ ਬਿਜਲੀ ਤੋਂ ਵਾਂਝੇ ਰਹੇ।

ਹਮੀਰਪੁਰ ਦੇ ਬਰਸਰ ‘ਚ ਰਾਤ ਸਮੇਂ ਤੇਜ਼ ਹਨੇਰੀ ਕਾਰਨ ਪਰਵਾਸੀਆਂ ਦੀਆਂ ਝੋਪੜੀਆਂ ‘ਤੇ ਪਾਈਪ ਅਤੇ ਹੋਰ ਦਰੱਖਤ ਡਿੱਗ ਪਏ ਜਿਸ ਕਾਰਨ ਅੱਠ ਸਾਲਾ ਬੱਚੇ ਦੀ ਮੌਤ ਹੋ ਗਈ ਜਿਸ ਦੀ ਪਛਾਣ ਅਭਿਸ਼ੇਕ ਕੁਮਾਰ ਵਜੋਂ ਹੋਈ ਹੈ। ਲਾਹੌਲ ਅਤੇ ਸਪਿਤੀ ਦੇ ਗੋਂਡਲਾ ’ਚ ਬੁੱਧਵਾਰ ਸ਼ਾਮ ਤੋਂ 1 ਸੈਂਟੀਮੀਟਰ ਬਰਫਬਾਰੀ ਹੋਈ ਹੈ।

ਮੌਸਮ ਵਿਭਾਗ ਨੇ ਵੀਰਵਾਰ ਨੂੰ ਦੱਸਿਆ ਕਿ ਕੁੱਲੂ ਜ਼ਿਲੇ ਦੇ ਸੀਓਬਾਗ ‘ਚ ਸਭ ਤੋਂ ਵੱਧ 28.8 ਮਿਲੀਮੀਟਰ, ਲਾਹੌਲ-ਸਪਿਤੀ ਦੇ ਕੁਕੁਮਸੇਰੀ ‘ਚ 23.8 ਮਿਲੀਮੀਟਰ ਅਤੇ ਨਾਰਕੰਡਾ ‘ਚ 18 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਬਾਗਬਾਨੀ ਅਤੇ ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਦੱਸਿਆ ਕਿ ਕਈ ਇਲਾਕਿਆਂ ਵਿੱਚ ਗੜੇਮਾਰੀ ਹੋਈ ਹੈ, ਜਿਸ ਕਾਰਨ ਸੇਬ ਅਤੇ ਹੋਰ ਫਲਾਂ ਤੇ ਫਸਲਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਦਰੱਖਤ ਡਿੱਗਣ ਕਾਰਨ ਸੜਕਾਂ ਜਾਮ ਹੋ ਗਈਆਂ ਹਨ।

ਨੇਗੀ ਨੇ ਕਿਹਾ ਕਿ ਰਿਪੋਰਟਾਂ ਅਨੁਸਾਰ ਕੁਝ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਿਨ੍ਹਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਮੌਸਮ ਵਿਭਾਗ ਨੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਗੜੇਮਾਰੀ ਅਤੇ ਭਾਰੀ ਮੀਂਹ ਅਤੇ ਬਰਫਬਾਰੀ ਦਾ ਓਰੈਂਜ ਅਲਰਟ ਜਾਰੀ ਕੀਤਾ ਹੈ ਅਤੇ 12 ਜ਼ਿਲ੍ਹਿਆਂ ਵਿੱਚ ਗਰਜ ਨਾਲ ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ ਦਿੱਤੀ ਹੈ।

Share: