ਨਵੀਂ ਦਿੱਲੀ : ਸਰਕਾਰ ਨੇ ਇਸ ਸਾਲ ਭਾਰਤ ਵਿੱਚ ਨਿੱਜੀ ਵਰਗ ਦੇ ਹੱਜ ਕੋਟੇ ’ਚ ਕਥਿਤ ‘ਕਟੌਤੀ’ ਕਰਨ ਸਬੰਧੀ ਰਿਪੋਰਟਾਂ ਬਾਰੇ ਅੱਜ ਕਿਹਾ ਕਿ ਨਿੱਜੀ ਟੂਰ ਅਪਰੇਟਰਾਂ ਦੇ ਗਰੁੱਪ (ਸੀਐੱਚਜੀਓ) ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਸਾਊਦੀ ਅਰਬ ਸਰਕਾਰ ਵੱਲੋਂ ਤੈਅ ਸਮਾਂ-ਸੀਮਾ ਦੀ ਪਾਲਣਾ ਕਰਨ ’ਚ ਅਸਫਲ ਰਹੇ ਹਨ। ਸਰਕਾਰ ਨੇ ਇਹ ਵੀ ਕਿਹਾ ਕਿ ਉਸ ਦੇ ਦਖਲ ਕਾਰਨ ਸਾਊਦੀ ਹੱਜ ਮੰਤਰਾਲਾ ਮੀਨਾ ’ਚ ਉਪਲੱਬਧ ਸਥਾਨਾਂ ਦੇ ਆਧਾਰ ’ਤੇ 10,000 ਹੱਜ ਯਾਤਰੀਆਂ ਦੇ ਸਬੰਧ ’ਚ ਆਪਣਾ ਕੰਮ ਪੂਰਾ ਕਰਨ ਦੇ ਮਕਸਦ ਨਾਲ ਸੀਐੱਚਜੀਓ ਲਈ ਹੱਜ ਪੋਰਟਲ ਮੁੜ ਖੋਲ੍ਹਣ ਲਈ ਸਹਿਮਤ ਹੋ ਗਿਆ ਹੈ। ਦੂਜੇ ਪਾਸੇ ਕਈ ਵਿਰੋਧੀ ਆਗੂਆਂ ਨੇ ਸਾਊਦੀ ਅਰਬ ਵੱਲੋਂ ਭਾਰਤੀ ਹੱਜ ਯਾਤਰੀਆਂ ਲਈ 52,000 ਤੋਂ ਵੱਧ ਦੀ ਗਿਣਤੀ ਰੱਦ ਕਰਨ ਦੀਆਂ ਖ਼ਬਰਾਂ ’ਤੇ ਚਿੰਤਾ ਜਤਾਈ ਅਤੇ ਕੇਂਦਰ ਸਰਕਾਰ ਨੂੰ ਇਹ ਮਾਮਲਾ ਸਾਊਦੀ ਅਰਬ ਦੇ ਅਧਿਕਾਰੀਆਂ ਕੋਲ ਚੁੱਕਣ ਦੀ ਅਪੀਲ ਕੀਤੀ ਹੈ।
ਭਾਰਤੀ ਹੱਜ ਕਮੇਟੀ ਰਾਹੀਂ ਘੱਟਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਭਾਰਤ ਲਈ ਅਲਾਟ 1,75,025 ਹੱਜ ਯਾਤਰੀਆਂ ਦੇ ਕੋਟੇ ਦੇ ਵੱਡੇ ਹਿੱਸੇ ਦਾ ਪ੍ਰਬੰਧ ਕਰਦਾ ਹੈ, ਜਿਹੜਾ ਮੌਜੂਦਾ ਸਮੇਂ 1,22,518 ਹੈ। ਬਾਕੀ 52,507 ਹੱਜ ਯਾਤਰੀਆਂ ਦਾ ਕੋਟਾ ਨਿੱਜੀ ਟੂਰ ਅਪਰੇਟਰਾਂ ਨੂੰ ਅਲਾਟ ਕੀਤਾ ਗਿਆ ਹੈ। ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ, ‘‘ਸਾਊਦੀ ਅਰਬ ਦੇ ਦਿਸ਼ਾ ਨਿਰਦੇਸ਼ਾਂ ’ਚ ਤਬਦੀਲੀ ਕਾਰਨ ਇਸ ਸਾਲ ਮੰਤਰਾਲੇ ਨੇ 800 ਤੋਂ ਵੱਧ ਨਿੱਜੀ ਟੂਰ ਅਪਰੇਟਰਾਂ ਨੂੰ 26 ਕਾਨੂੰਨੀ ਸੰਸਥਾਵਾਂ ’ਚ ਸ਼ਾਮਲ ਕੀਤਾ ਸੀ, ਜਿਨ੍ਹਾਂ ਨੂੰ ਸੀਐੱਚਜੀਓ ਕਿਹਾ ਜਾਂਦਾ ਹੈ। ਇਨ੍ਹਾਂ 26 ਸੀਐੱਚਜੀਓ ਨੂੰ ਕਾਫੀ ਸਮਾਂ ਪਹਿਲਾਂ ਹੀ ਹੱਜ ਕੋਟਾ ਅਲਾਟ ਕਰ ਦਿੱਤਾ ਗਿਆ ਸੀ। ਪਰ ਉਹ ਸਾਊਦੀ ਅਰਬ ਸਰਕਾਰ ਵੱਲੋਂ ਤੈਅ ਸਮਾਂ-ਸੀਮਾ ਦੀ ਪਾਲਣਾ ਕਰਨ ’ਚ ਅਸਫਲ ਰਹੇ’’ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਇਸ ਮਾਮਲੇ ਬਾਰੇ ਮੰਤਰੀ ਪੱਧਰ ਸਣੇ ਸਬੰਧਤ ਸਾਊਦੀ ਅਧਿਕਾਰੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ।