ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਬਿਹਾਰ ਸਰਕਾਰ ਨੂੰ ਗੰਗਾ ਦੇ ਕੰਢਿਆਂ ’ਤੇ ਗੈਰ-ਕਾਨੂੰਨੀ ਉਸਾਰੀਆਂ ਹਟਾਉਣ ਲਈ ਚੁੱਕੇ ਕਦਮਾਂ ਬਾਰੇ ਸਥਿਤੀ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਅਧਿਕਾਰੀਆਂ ਤੋਂ ਪੁੱਛਿਆ ਕਿ ਇਸ ਵੇਲੇ ਗੰਗਾ ਕਿਨਾਰੇ ਕਿੰਨੇ ਨਾਜਾਇਜ਼ ਕਬਜ਼ੇ ਹਨ ਤੇ ਇਹ ਕਬਜ਼ੇ ਕਦੋਂ ਹਟਾਏ ਜਾਣਗੇ। ਬੈਂਚ ਨੇ ਕਿਹਾ, ‘ਅਸੀਂ ਜਾਣਨਾ ਚਾਹੁੰਦੇ ਹਾਂ ਕਿ ਗੰਗਾ ਨਦੀ ਦੇ ਕਿਨਾਰੇ ਅਜਿਹੇ ਕਬਜ਼ੇ ਹਟਾਉਣ ਲਈ ਅਧਿਕਾਰੀਆਂ ਨੇ ਕੀ ਕਦਮ ਚੁੱਕੇ ਹਨ।’ ਇਸ ਤੋਂ ਪਹਿਲਾਂ 2 ਅਪਰੈਲ ਨੂੰ ਅਦਾਲਤ ਨੇ ਬਿਹਾਰ ਸਰਕਾਰ ਅਤੇ ਕੇਂਦਰ ਦੋਵਾਂ ਨੂੰ ਢੁਕਵੀਂ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਪਟਨਾ ਨਿਵਾਸੀ ਅਸ਼ੋਕ ਕੁਮਾਰ ਸਿਨਹਾ ਵੱਲੋਂ 30 ਜੂਨ 2020 ਦੇ ਐੱਨਜੀਟੀ ਦੇ ਹੁਕਮਾਂ ਖ਼ਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ।
Posted inNews