ਗੰਗਾ-ਜਮੁਨੀ ਤਹਿਜ਼ੀਬ ਦਾ ਬਿਹਤਰੀਨ ਨਮੂਨਾ ਹੈ ਉਰਦੂ: ਸੁਪਰੀਮ ਕੋਰਟ

ਗੰਗਾ-ਜਮੁਨੀ ਤਹਿਜ਼ੀਬ ਦਾ ਬਿਹਤਰੀਨ ਨਮੂਨਾ ਹੈ ਉਰਦੂ: ਸੁਪਰੀਮ ਕੋਰਟ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਉਰਦੂ ਨੂੰ ‘ਗੰਗਾ ਜਮੁਨੀ ਤਹਿਜ਼ੀਬ’ ਦਾ ਬਿਹਤਰੀਨ ਨਮੂਨਾ ਦੱਸਦੇ ਹੋਏ ਕਿਹਾ ਕਿ ਉਰਦੂ ਇਸੇ ਧਰਤੀ ’ਤੇ ਪੈਦਾ ਹੋਈ ਹੈ ਅਤੇ ਇਸ ਨੂੰ ਸਿਰਫ਼ ਮੁਸਲਮਾਨਾਂ ਦੀ ਭਾਸ਼ਾ ਮੰਨ ਕੇ ਇਸ ਤੋਂ ਦੂਰ ਜਾਣਾ ਮੰਦਭਾਗਾ ਹੈ।

ਮਹਾਰਾਸ਼ਟਰ ਵਿੱਚ ਨਗਰ ਕੌਂਸਲ ਦੇ ਸਾਈਨਬੋਰਡ ’ਤੇ ਉਰਦੂ ਦੇ ਇਸਤੇਮਾਲ ਨੂੰ ਚੁਣੌਤੀ ਦੇਣ ਸਬੰਧੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਇਹ ਵੀ ਕਿਹਾ ਕਿ ‘ਭਾਸ਼ਾ ਕੋਈ ਧਰਮ ਨਹੀਂ ਹੈ।’’ ਬੈਂਚ ਨੇ ਕਿਹਾ, ‘‘ਭਾਸ਼ਾ ਸਭਿਆਚਾਰ ਹੈ। ਭਾਸ਼ਾ ਕਿਸੇ ਫਿਰਕੇ ਅਤੇ ਉੁਸ ਦੇ ਲੋਕਾਂ ਦੀ ਸਭਿਅਤਾ ਦੇ ਸਫ਼ਰ ਨੂੰ ਮਾਪਣ ਦਾ ਪੈਮਾਨਾ ਹੈ। ਉਰਦੂ ਦਾ ਮਾਮਲਾ ਵੀ ਅਜਿਹਾ ਹੀ ਹੈ। ਇਹ ਗੰਗਾ-ਜਮੁਨੀ ਤਹਿਜ਼ੀਬ ਜਾਂ ਹਿੰਦੁਸਤਾਨੀ ਤਹਿਜ਼ੀਬ ਦਾ ਬਿਹਤਰੀਨ ਨਮੂਨਾ ਹੈ। ਸਾਨੂੰ ਆਪਣੀ ਵਿਭਿੰਨਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਆਨੰਦ ਮਾਣਨਾ ਚਾਹੀਦਾ ਹੈ, ਜਿਸ ਵਿੱਚ ਸਾਡੀਆਂ ਕਈ ਭਾਸ਼ਾਵਾਂ ਸ਼ਾਮਲ ਹਨ।’’ ਸਿਖ਼ਰਲੀ ਅਦਾਲਤ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਦੇ ਪਾਤੁਰ ਦੀ ਸਾਬਕਾ ਕੌਂਸਲਰ ਵਰਸ਼ਾਤਾਈ ਵੱਲੋਂ ਦਾਇਰ ਕੀਤੀ ਗਈ ਅਪੀਲ ’ਤੇ ਸੁਣਵਾਈ ਕਰ ਰਹੀ ਸੀ, ਜਿਸ ਨੇ ਨਗਰ ਕੌਂਸਲ ਦੇ ਨਾਮ ਵਾਲੇ ਬੋਰਡ ’ਤੇ ਮਰਾਠੀ ਦੇ ਨਾਲ-ਨਾਲ ਉਰਦੂ ਦੇ ਇਸਤੇਮਾਲ ਨੂੰ ਚੁਣੌਤੀ ਦਿੱਤੀ ਸੀ।

Share: