ਨਵੀਂ ਦਿੱਲੀ: ਕਾਰੋਬਾਰੀ ਰੌਬਰਟ ਵਾਡਰਾ ਨੇ ਦਾਅਵਾ ਕੀਤਾ ਕਿ ਉਸ ਨੂੰ ਜਾਂਚ ਏਜੰਸੀਆਂ ਵੱਲੋਂ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਗਾਂਧੀ ਪਰਿਵਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਉਹ ਭਾਜਪਾ ਦਾ ਹਿੱਸਾ ਹੁੰਦੇ ਤਾਂ ਹਾਲਾਤ ਵੱਖਰੇ ਹੋਣੇ ਸਨ। ਉਸ ਨੇ ਕਿਹਾ ਕਿ ਉਹ ਛੇਤੀ ਹੀ ਸਿਆਸਤ ’ਚ ਆਵੇਗਾ ਕਿਉਂਕਿ ਉਹ ਲੋਕਾਂ ਨਾਲ 1999 ਤੋਂ ਕੰਮ ਕਰ ਰਿਹਾ ਹੈ। ਰੌਬਰਟ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਮਾਮਲੇ ’ਚ ਕਲੀਨ ਚਿੱਟ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਵਾਡਰਾ ਨੇ ਕਿਹਾ, ‘‘ਜਿਨ੍ਹਾ ਤੁਸੀਂ ਸਾਨੂੰ ਪਰੇਸ਼ਾਨ ਕਰੋਗੇ, ਅਸੀਂ ਓਨਾ ਹੀ ਮਜ਼ਬੂਤ ਹੋਵਾਂਗੇ। ਸਾਡੇ ਰਾਹ ’ਚ ਆਉਣ ਵਾਲੀ ਹਰ ਚੀਜ਼ ਨਾਲ ਅਸੀਂ ਲੜਾਂਗੇ।’’ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਸਲ ਮੁੱਦਿਆਂ ਤੋਂ ਧਿਆਨ ਵੰਡਾਉਣ ਲਈ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Posted inNews