ਇੰਦੌਰ : ਇੰਦੌਰ-ਅਧਾਰਤ ਰੁਜ਼ਗਾਰ ਸਲਾਹਕਾਰ ਫਰਮ ਦੇ ਡਾਇਰੈਕਟਰ ਨੇ ਕਿਹਾ ਹੈ ਕਿ ਕਥਿਤ ਨਕਲੀ ਕਾਰਡੀਓਲੋਜਿਸਟ(ਦਿਲ ਦੇ ਡਾਕਟਰ) ਨਰਿੰਦਰ ਯਾਦਵ ਉਰਫ਼ ਨਰਿੰਦਰ ਜੌਨ ਕੈਮ ਨੇ 2020 ਅਤੇ 2024 ਦੇ ਵਿਚਕਾਰ ਨੌਕਰੀ ਲਈ ਤਿੰਨ ਵਾਰ ਆਪਣਾ ਬਾਇਓਡਾਟਾ ਭੇਜਿਆ ਸੀ, ਜਿਸ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਸ ਨੇ ਹਜ਼ਾਰਾਂ ਮਰੀਜ਼ਾਂ ਦਾ ਆਪ੍ਰੇਸ਼ਨ ਕੀਤਾ ਹੈ।
ਗੌਰਤਲਬ ਹੈ ਕਿ ਮੱਧ ਪ੍ਰਦੇਸ਼ ਦੇ ਦਮੋਹ ਦੇ ਇਕ ਮਿਸ਼ਨਰੀ ਹਸਪਤਾਲ ਵਿਚ ਸੱਤ ਮਰੀਜ਼ਾਂ ਦੀ ਮੌਤ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਕੈਮ ਨੂੰ ਇਸ ਹਫ਼ਤੇ ਦੇ ਸ਼ੁਰੂ ਵਿਚ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਕਥਿਤ ਜਾਅਲਸਾਜ਼ੀ ਅਤੇ ਹੋਰ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਦੌਰ-ਅਧਾਰਤ ਰੁਜ਼ਗਾਰ ਸਲਾਹਕਾਰ ਫਰਮ ਦੇ ਡਾਇਰੈਕਟਰ ਪੰਕਜ ਸੋਨੀ ਨੇ ਸ਼ੁੱਕਰਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਕੈਮ ਨੇ 2020, 2023 ਅਤੇ 2024 ਵਿਚ ਈਮੇਲ ਰਾਹੀਂ ਤਿੰਨ ਵਾਰ ਬਾਇਓਡਾਟਾ ਭੇਜ ਕੇ ਨੌਕਰੀ ਲਈ ਫਰਮ ਨਾਲ ਸੰਪਰਕ ਕੀਤਾ ਸੀ। ਸੋਨੀ ਨੇ ਕਿਹਾ ਕਿ ਉਨ੍ਹਾਂ ਦੀ ਫਰਮ ਡਾਕਟਰਾਂ, ਨਰਸਾਂ ਅਤੇ ਹੋਰ ਕਰਮਚਾਰੀਆਂ ਦੀ ਭਰਤੀ ਲਈ ਦੇਸ਼ ਭਰ ਦੇ ਹਸਪਤਾਲਾਂ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ।
ਸੋਨੀ ਨੇ ਦੱਸਿਆ, “ਅਸੀਂ 2020 ਵਿੱਚ ਆਨਲਾਈਨ ਇਕ ਇਸ਼ਤਿਹਾਰ ਜਾਰੀ ਕੀਤਾ ਸੀ ਕਿ ਇਕ ਨਿੱਜੀ ਹਸਪਤਾਲ ਨੂੰ ਕਾਰਡੀਓਲੋਜਿਸਟ ਦੀ ਲੋੜ ਹੈ। ਕੈਮ ਨੇ ਇਸ ਇਸ਼ਤਿਹਾਰ ਨੂੰ ਦੇਖਣ ਤੋਂ ਬਾਅਦ ਪਹਿਲੀ ਵਾਰ ਸਾਨੂੰ ਆਪਣਾ ਬਾਇਓਡਾਟਾ ਭੇਜਿਆ। ਸਾਨੂੰ ਡਾਟੇ ’ਤੇ ਸ਼ੱਕ ਹੋਇਆ ਕਿਉਂਕਿ ਇਸ ਵਿੱਚ ਕਿਹਾ ਗਿਆ ਸੀ ਕਿ ਕੈਮ ਕੋਲ ਮੈਡੀਸਨ ਵਿਚ ਵੱਡੀਆਂ ਡਿਗਰੀਆਂ ਹਨ ਅਤੇ ਉਹ ਭਾਰਤ, ਬ੍ਰਿਟੇਨ, ਅਮਰੀਕਾ, ਜਰਮਨੀ, ਸਪੇਨ ਅਤੇ ਫਰਾਂਸ ਵਿੱਚ ਪ੍ਰਸਿੱਧ ਸੰਸਥਾਵਾਂ ਨਾਲ ਜੁੜੇ ਹੋਏ ਹਨ।’’ ਉਨ੍ਹਾਂ ਕਿਹਾ ਕਿ ਅਸੀਂ ਹੈਰਾਨ ਸੀ ਕਿ ਵਿਦੇਸ਼ਾਂ ਵਿਚ ਕੰਮ ਕਰਨ ਵਾਲਾ ਇਕ ਤਜਰਬੇਕਾਰ ਕਾਰਡੀਓਲੋਜਿਸਟ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ ਨੌਕਰੀ ਕਿਉਂ ਲੱਭ ਰਿਹਾ ਹੈ।
ਉਨ੍ਹਾਂ ਕਿਹਾ ਕੈਮ ਨੇ 2023 ਵਿਚ ਦੂਜੀ, 2024 ਵਿਚ ਤੀਜੀ ਵਾਰ ਇਸ ਫਰਮ ਨੂੰ ਨੌਂ ਪੰਨਿਆਂ ਦਾ ਬਾਇਓਡਾਟਾ ਭੇਜਿਆ ਸੀ। ਇਸ ਵਿਚ ਉਸਨੇ ਆਪਣੇ ਆਪ ਨੂੰ ਇਕ ਸੀਨੀਅਰ ਕਾਰਡੀਓਲੋਜਿਸਟ ਦੱਸਿਆ ਸੀ ਅਤੇ ਆਪਣਾ ਸਥਾਈ ਪਤਾ ਬ੍ਰਿਟੇਨ ਵਿਚ ਬਰਮਿੰਘਮ ਦੱਸਿਆ ਸੀ। ਪ੍ਰਾਪਤੀਆਂ ਦੇ ਨਾਲ ਉਸਨੇ ਇਹ ਵੀ ਜ਼ਿਕਰ ਕੀਤਾ ਕਿ ਉਹ ਹਜ਼ਾਰਾਂ ਦਿਲ ਦੇ ਮਰੀਜ਼ਾਂ ਦੇ ਆਪ੍ਰੇਸ਼ਨਾਂ ਵਿੱਚ ਸ਼ਾਮਲ ਸੀ, ਜਿਸ ਵਿੱਚ “ਕੋਰੋਨਰੀ ਐਂਜੀਓਗ੍ਰਾਫੀ” ਲਈ 18,740 ਅਤੇ “ਕੋਰੋਨਰੀ ਐਂਜੀਓਪਲਾਸਟੀ” ਲਈ 14,236 ਸ਼ਾਮਲ ਸਨ।
ਜਾਂਚ ਦੇ ਹਿੱਸੇ ਵਜੋਂ ਦਮੋਹ ਮਿਸ਼ਨਰੀ ਹਸਪਤਾਲ (ਡੀਐਮਐਚ) ਦੀ ਕੈਥ ਲੈਬ ਨੂੰ ਵੀਰਵਾਰ ਨੂੰ ਸੀਲ ਕਰ ਦਿੱਤਾ ਗਿਆ ਸੀ। ਦਮੋਹ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀਐਮਐਚਓ) ਐਮਕੇ ਜੈਨ ਦੀ ਸ਼ਿਕਾਇਤ ’ਤੇ ਜਾਅਲਸਾਜ਼ੀ ਅਤੇ ਗਬਨ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਕੈਮ ਇਸ ਸਮੇਂ ਪੁਲੀਸ ਹਿਰਾਸਤ ਵਿੱਚ ਹੈ।