ਸਾਬਕਾ ਰਾਅ ਮੁਖੀ ਨੇ ਫਾਰੂਕ ਅਬਦੁੱਲਾ ਬਾਰੇ ਛਪੀਆਂ ਖਬਰਾਂ ਨੂੰ ਗਲਤ ਦੱਸਿਆ

ਸਾਬਕਾ ਰਾਅ ਮੁਖੀ ਨੇ ਫਾਰੂਕ ਅਬਦੁੱਲਾ ਬਾਰੇ ਛਪੀਆਂ ਖਬਰਾਂ ਨੂੰ ਗਲਤ ਦੱਸਿਆ

ਨਵੀਂ ਦਿੱਲੀ : ਰਾਅ ਦੇ ਸਾਬਕਾ ਮੁਖੀ ਏ ਐਸ ਦੁੱਲਤ ਨੇ ਅੱਜ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਨਿੱਜੀ ਤੌਰ ’ਤੇ ਸੁਝਾਅ ਦਿੱਤਾ ਸੀ ਕਿ ਜੇਕਰ ਉਨ੍ਹਾਂ ਨੂੰ ਭਰੋਸੇ ਵਿੱਚ ਲਿਆ ਜਾਂਦਾ ਤਾਂ ਉਹ 2019 ਵਿੱਚ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਵਿੱਚ ਮਦਦ ਕਰਦੇ।

ਖੁਫੀਆ ਏਜੰਸੀ ਰਿਸਰਚ ਐਂਡ ਐਨਾਲਾਸਿਸ ਵਿੰਗ (ਰਾਅ) ਦੇ ਸਾਬਕਾ ਮੁਖੀ ਨੇ ਕਿਹਾ ਕਿ ਨਾ ਤਾਂ ਨੈਸ਼ਨਲ ਕਾਨਫਰੰਸ (ਐਨਸੀ) ਦੇ ਮੁਖੀ ਨੇ ਕਦੇ ਅਜਿਹਾ ਕਿਹਾ ਹੈ ਅਤੇ ਨਾ ਹੀ ਉਨ੍ਹਾਂ ਨੇ ਆਪਣੀ ਆਉਣ ਵਾਲੀ ਕਿਤਾਬ ਵਿੱਚ ਇਹ ਕਿਹਾ ਹੈ। ਇਹ ਵਿਵਾਦ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਵਾਲੀ ‘ਦਿ ਚੀਫ ਮਨਿਸਟਰ ਐਂਡ ਦਿ ਸਪਾਈ’ ਸਿਰਲੇਖ ਵਾਲੀ ਦੁਲਤ ਦੀ ਨਵੀਂ ਕਿਤਾਬ ਤੋਂ ਪੈਦਾ ਹੋਇਆ ਹੈ। ਰਾਅ ਦੇ ਸਾਬਕਾ ਮੁਖੀ ਨੇ ਕਿਹਾ, ‘ਕੀ ਉਸ ਨੇ ਕਦੇ ਅਜਿਹਾ ਕਿਹਾ ਹੈ? ਕੀ ਮੈਂ ਕਦੇ ਇਹ ਕਿਹਾ ਹੈ? ਇਹ ਬਿਲਕੁਲ ਬਕਵਾਸ ਹੈ।’ ਇਹ ਟਿੱਪਣੀ ਦੁੱਲਤ ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕੀਤੀ।

ਉਨ੍ਹਾਂ ਕਿਹਾ, ‘‘ਕੁਝ ਅਖਬਾਰਾਂ ਨੇ ਇਸ ਨੂੰ ਚੁੱਕਿਆ ਅਤੇ ਇਸ ਨੂੰ ਵੱਡਾ ਮੁੱਦਾ ਬਣਾਇਆ ਅਤੇ ਹੁਣ ਇਹ ਮੁੱਦਾ ਕਸ਼ਮੀਰ ’ਚ ਵੀ ਭਖ ਗਿਆ ਹੈ।

ਆਪਣੀ ਕਿਤਾਬ ਤੋਂ ਧਾਰਾ 370 ਦੇ ਮੁੱਦੇ ’ਤੇ ਪੈਦਾ ਹੋਏ ਵਿਵਾਦ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਬਦੁੱਲਾ ਨੇ ਉਨ੍ਹਾਂ ਨੂੰ ਕਿਹਾ ਕਿ ਦਿੱਲੀ ਨੂੰ ਉਸ ਨਾਲ ਸਲਾਹ ਕਰਨੀ ਚਾਹੀਦੀ ਸੀ। ਐਨਸੀ ਮੁਖੀ ਨੇ ਕਿਹਾ ਸੀ ਕਿ ਇਸ ਸਬੰਧੀ ਕੇਂਦਰ ਨੂੰ ਜੰਮੂ ਅਤੇ ਕਸ਼ਮੀਰ ਦੀ ਸਿਆਸੀ ਲੀਡਰਸ਼ਿਪ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਸੀ।

ਜ਼ਿਕਰਯੋਗ ਹੈ ਕਿ ਮੀਡੀਆ ਰਿਪੋਰਟਾਂ ਵਿਚ ਪਹਿਲਾਂ ਕਿਹਾ ਗਿਆ ਸੀ ਕਿ ਦੁੱਲਤ ਨੇ ਕਿਤਾਬ ’ਚ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਜੰਮੂ-ਕਸ਼ਮੀਰ ’ਚੋਂ ਧਾਰਾ 370 ਨੂੰ ਮਨਸੂਖ ਕਰਨ ਦੀ ‘‘ਨਿੱਜੀ ਤੌਰ ’ਤੇ ਹਮਾਇਤ’’ ਕੀਤੀ ਸੀ। ਜਦਕਿ ਫਾਰੂਕ ਅਬਦੁੱਲਾ ਨੇ ਦੁੱਲਤ ਦੇ ਦਾਅਵੇ ਨੂੰ ਖਾਰਜ ਕਰਦਿਆਂ ਇਸ ਨੂੰ ਕਿਤਾਬ ਦੀ ਵਿਕਰੀ ਵਧਾਉਣ ਵਾਲਾ ‘ਹੱਥਕੰਡਾ’ ਕਰਾਰ ਦਿੱਤਾ ਸੀ। ਐੱਨਸੀ ਮੁਖੀ ਅਬਦੁੱਲਾ ਨੇ ਕਿਹਾ ਸੀ ਕਿ ਇਹ ਲੇਖਕ ਦੀ ਮਹਿਜ਼ ਇੱਕ ‘ਕਲਪਨਾ’ ਹੈ।

Share: