ਤੇਜ਼ ਹਨੇਰੀ ਮਗਰੋਂ ਬਿਜਲੀ ਤਾਰਾਂ ਦੀ ਸਪਾਰਕਿੰਗ ਨਾਲ ਪੰਜ ਏਕੜ ’ਚ ਖੜ੍ਹੀ ਕਣਕ ਅਤੇ ਨਾੜ ਸੜ ਕੇ ਸੁਆਹ

ਤੇਜ਼ ਹਨੇਰੀ ਮਗਰੋਂ ਬਿਜਲੀ ਤਾਰਾਂ ਦੀ ਸਪਾਰਕਿੰਗ ਨਾਲ ਪੰਜ ਏਕੜ ’ਚ ਖੜ੍ਹੀ ਕਣਕ ਅਤੇ ਨਾੜ ਸੜ ਕੇ ਸੁਆਹ

ਕੋਟ ਈਸੇ ਖਾਂ : ਇਥੇ ਬਿਜਲੀ ਘਰ ਨੇੜੇ ਲੰਘੀ ਰਾਤ ਤੇਜ਼ ਹਨੇਰੀ ਕਰਕੇ ਬਿਜਲੀ ਦੀਆਂ ਤਾਰਾਂ ਵਿਚ ਸਪਾਰਕਿੰਗ ਨਾਲ ਲੱਗੀ ਅੱਗ ਕਰਕੇ ਢਾਈ ਏਕੜ ਵਿਚ ਖੜ੍ਹੀ ਕਣਕ ਅਤੇ ਢਾਈ ਏਕੜ ਦੇ ਕਰੀਬ ਨਾੜ ਸੜ ਕੇ ਸੁਆਹ ਹੋ ਗਿਆ। ਸਮੇਂ ਸਿਰ ਅੱਗ ਉੱਤੇ ਕਾਬੂ ਪਾ ਲਏ ਜਾਣ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ।

ਜਾਣਕਾਰੀ ਮੁਤਾਬਕ ਰਾਤ ਦਸ ਵਜੇ ਦੇ ਕਰੀਬ ਤੇਜ਼ ਹਨੇਰੀ ਆਉਣ ਤੋਂ ਬਾਅਦ ਬਿਜਲੀ ਘਰ ਦੇ ਪਿੱਛੇ ਖੇਤ ਵਿਚਲੀਆਂ ਬਿਜਲੀ ਦੀਆਂ ਤਾਰਾਂ ਆਪਸ ਵਿੱਚ ਜੁੜ ਗਈਆਂ। ਇਸ ਤੋਂ ਬਾਅਦ ਖੇਤ ਵਿਚ ਖੜ੍ਹੇ ਨਾੜ ਨੂੰ ਅੱਗ ਲੱਗ ਗਈ। ਤੇਜ਼ੀ ਨਾਲ ਫੈਲੀ ਅੱਗ ਨੇ ਕਣਕ ਦੀ ਖੜ੍ਹੀ ਫ਼ਸਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਨੇੜਲੇ ਘਰਾਂ ਦੇ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ, ਪੁਲੀਸ ਅਤੇ ਖੇਤ ਦੇ ਮਾਲਕਾਂ ਨੂੰ ਦਿੱਤੀ।

ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਅਮਲੇ ਤੋਂ ਇਲਾਵਾ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ ਅਤੇ ਮੁੰਨਣ ਪਿੰਡ ਤੋਂ ਪਾਣੀ ਵਾਲੇ ਟੈਂਕਰ ਪੁੱਜ ਗਏ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ।

ਖੇਤ ਮਾਲਕ ਗੁਲਸਿੰਦਰ ਸਿੰਘ ਵਾਸੀ ਜਾਨੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਇੱਥੇ ਚਾਲੀ ਏਕੜ ਜ਼ਮੀਨ ਠੇਕੇ ਉੱਤੇ ਲੈ ਕੇ ਕਣਕ ਦੀ ਫ਼ਸਲ ਬੀਜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਹੋਣ ਨਾਲ ਕਰੀਬ ਢਾਈ ਏਕੜ ਨਾੜ ਅਤੇ ਢਾਈ ਏਕੜ ਹੀ ਖੜ੍ਹੀ ਕਣਕ ਅੱਗ ਦੀ ਭੇਟ ਚੜ੍ਹ ਗਈ। ਉਨ੍ਹਾਂ ਆਸਪਾਸ ਦੇ ਲੋਕਾਂ ਵਲੋਂ ਅੱਗ ਉੱਤੇ ਕਾਬੂ ਪਾਉਣ ਲਈ ਕੀਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ।

Share: