ਨਵੀਂ ਦਿੱਲੀ : ਚੋਣ ਕਮਿਸ਼ਨ ਦੇ ਸੂਤਰਾਂ ਨੇ ਮਹਾਰਾਸ਼ਟਰ ਚੋਣਾਂ ’ਚ ਅਸਧਾਰਨ ਵੋਟਿੰਗ ਫ਼ੀਸਦ ਸਬੰਧੀ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਕੋਈ ਵੀ ‘ਗੁੰਮਰਾਹਕੁਨ ਪ੍ਰਚਾਰ’’ ਕਰਨਾ ਕਾਨੂੰਨ ਪ੍ਰਤੀ ਅਪਮਾਨ ਦਾ ਸੰਕੇਤ ਹੈ ਅਤੇ ਰਾਜਨੀਤਕ ਕਾਰਕੁਨਾਂ ਤੇ ਵੋਟਿੰਗ ਕਰਮੀਆਂ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਨ ਵਾਲਾ ਹੈ।
ਕਮਿਸ਼ਨ ਦੇ ਸੂਤਰਾਂ ਨੇ ਕਿਹਾ ਕਿ ਅਜਿਹੇ ਦਾਅਵਿਆਂ ਨਾਲ ਸਿਆਸੀ ਪਾਰਟੀਆਂ ਵੱਲੋਂ ਨਿਯੁਕਤ ਹਜ਼ਾਰਾਂ ਨੁਮਾਇੰਦਿਆਂ ਦੀ ਬਦਨਾਮੀ ਹੁੰਦੀ ਹੈ ਤੇ ਚੋਣਾਂ ਦੌਰਾਨ ਅਣਥੱਕ ਅਤੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਨ ਵਾਲੇ ਲੱਖਾਂ ਚੋਣ ਕਰਮੀਆਂ ਦਾ ਹੌਸਲਾ ਡਿੱਗਦਾ ਹੈ। ਸੂਤਰਾਂ ਮੁਤਾਬਕ ਵੋਟਰਾਂ ਦੇ ਕਿਸੇ ਵੀ ਉਲਟ ਫ਼ਤਵੇ ਮਗਰੋਂ ‘ਸਮਝੌਤਾ ਕੀਤਾ ਗਿਆ ਹੈ’ ਆਦਿ ਗੱਲਾਂ ਕਹਿ ਕੇ ਚੋਣ ਕਮਿਸ਼ਨ ਨੂੰ ਬਦਨਾਮ ਕਰਨਾ ਬੇਤੁਕਾ ਹੈ। ਦੱਸਣਯੋਗ ਹੈ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਅਮਰੀਕਾ ਦੇ ਬੋਸਟਨ ’ਚ ਪ੍ਰੋਗਰਾਮ ਦੌਰਾਨ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਭਾਰਤ ਦੀ ਚੋਣ ਪ੍ਰਕਿਰਿਆ ’ਤੇ ਇੱਕ ਵਾਰ ਫਿਰ ਸਵਾਲ ਚੁੱਕੇ ਸਨ। ਉਨ੍ਹਾਂ ਨੇ ਚੋਣ ਪ੍ਰਕਿਰਿਆ ’ਚ ਕਥਿਤ ਗੜਬੜੀ ਦੇ ਦੋਸ਼ ਲਾਏ ਸਨ। ਚੋਣ ਅੰਕੜਿਆਂ ’ਚ ਕਥਿਤ ਗੜਬੜੀ ਦੇ ਮੁੱਦੇ ’ਤੇ ਸੂਤਰਾਂ ਨੇ ਕਿਹਾ ਕਿ ਮਹਾਰਸ਼ਟਰ ਸਣੇ ਪੂਰੇ ਦੇਸ਼ ’ਤੇ ਵੋਟਰ ਸੂੁਚੀਆਂ ਜਨ ਪ੍ਰਤੀਨਿਧ ਕਾਨੂੰਨ-1950 ਅਤੇ ਵੋਟਰ ਰਜਿਸਟੇਸ਼ਨ ਨਿਯਮ-1960 ਮੁਤਾਬਕ ਤਿਆਰ ਕੀਤੀਆਂ ਜਾਂਦੀਆਂ ਹਨ।