ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਿੱਖਿਆ ਪ੍ਰਣਾਲੀ ਦੇਸ਼ ਦੇ ਭਵਿੱਖ ਲਈ ਨੌਜਵਾਨਾਂ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਸਰਕਾਰ ਇਸ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਇੱਥੇ ਭਾਰਤ ਮੰਡਪਮ ਵਿੱਚ ‘ਯੁੱਗਮ’ ਇਨੋਵੇਸ਼ਨ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਏਆਈ, ਕੁਆਂਟਮ ਕੰਪਿਊਟਿੰਗ, ਐਡਵਾਂਸਡ ਐਨਾਲਿਟਿਕਸ, ਪੁਲਾੜ ਤਕਨਾਲੋਜੀ, ਸਿਹਤ ਤਕਨਾਲੋਜੀ ਅਤੇ ਸਿੰਥੈਟਿਕ ਜੀਵ ਵਿਗਿਆਨ ਨੂੰ ਲਗਾਤਾਰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੋਦੀ ਨੇ ਮਸਨੂਈ ਬੌਧਿਕਤਾ (ਏਆਈ) ਦੇ ਵਿਕਾਸ ਅਤੇ ਇਸ ਨੂੰ ਅਪਣਾਉਣ ਵਿੱਚ ਭਾਰਤ ਦੀ ਮੋਹਰੀ ਸਥਿਤੀ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ, ‘‘ਕਿਸੇ ਵੀ ਦੇਸ਼ ਦਾ ਭਵਿੱਖ ਉਸਦੀ ਨੌਜਵਾਨ ਪੀੜ੍ਹੀ ’ਤੇ ਨਿਰਭਰ ਹੁੰਦਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਭਵਿੱਖ ਲਈ ਅਤੇ ਉਨ੍ਹਾਂ ਨੂੰ ਭਾਰਤ ਦੇ ਉੱਜਲ ਭਵਿੱਖ ਲਈ ਤਿਆਰ ਕਰੀਏ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਦੇਸ਼ ਦੀ ਸਿੱਖਿਆ ਪ੍ਰਣਾਲੀ ਵੀ ਇਸ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ, ਇਸ ਲਈ ਅਸੀਂ 21ਵੀਂ ਸਦੀ ਦੀਆਂ ਲੋੜਾਂ ਮੁਤਾਬਕ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਬਣਾ ਰਹੇ ਹਾਂ।’’ ਪ੍ਰਧਾਨ ਮੰਤਰੀ ਨੇ ਇੱਕ ਮਜ਼ਬੂਤ ਖੋਜ ਤੰਤਰ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਅਕਾਦਮਿਕ ਸੰਸਥਾਵਾਂ, ਨਿਵੇਸ਼ਕਾਂ ਅਤੇ ਉਦਯੋਗ ਨੂੰ ਖੋਜਕਾਰਾਂ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ। ਮੋਦੀ ਨੇ ਇਹ ਵੀ ਕਿਹਾ ਕਿ ਖੋਜ ਅਤੇ ਵਿਕਾਸ ’ਤੇ 2013-14 ਵਿੱਚ ਕੁੱਲ ਖਰਚ ਸਿਰਫ਼ 60,000 ਕਰੋੜ ਰੁਪਏ ਸੀ, ਜਿਸ ਨੂੰ ਹੁਣ 1.25 ਲੱਖ ਕਰੋੜ ਰੁਪਏ ਤੱਕ ਵਧਾ ਦਿੱਤਾ ਗਿਆ ਹੈ।