ਚੰਡੀਗੜ੍ਹ : ਸਮਾਣਾ ਦਾ ‘ਸਕੂਲ ਆਫ਼ ਐਮੀਨੈਂਸ’ ਹੱਕਦਾਰ ਤਾਂ ਸਨਮਾਨ ਦਾ ਸੀ ਪਰ ਇਸ ਸਕੂਲ ਦੀ ਝੋਲੀ ਅਪਮਾਨ ਪਿਆ। ਇਹ ਸਕੂਲ ਸ਼ਹੀਦ ਫਲਾਈਟ ਲੈਫ਼ਟੀਨੈਂਟ ਮੋਹਿਤ ਕੁਮਾਰ ਗਰਗ ਦੇ ਨਾਮ ’ਤੇ ਹੈ। ਤਿੰਨ ਦਿਨ ਪਹਿਲਾਂ ਜਦੋਂ ‘ਆਪ’ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਸਕੂਲ ਦੀ ਚਾਰਦੀਵਾਰੀ ਦਾ ਉਦਘਾਟਨ ਕਰਨ ਪੁੱਜੇ ਤਾਂ ਅਧਿਆਪਕਾਂ ਨੇ ਪਲਕਾਂ ਵਿਛਾ ਵਿਧਾਇਕ ਨੂੰ ਸਨਮਾਨ ਦਿੱਤਾ। ਜਦੋਂ ਸਟੇਜ ਤੋਂ ਜੌੜਾਮਾਜਰਾ ਨੇ ਅਧਿਆਪਕਾਂ ਨੂੰ ਤਲਖ਼ ਰੋਹ ’ਚ ਝਿੜਕਾਂ ਦਿੱਤੀਆਂ ਤਾਂ ਸਮੁੱਚੇ ਅਧਿਆਪਕ ਵਰਗ ਨੂੰ ਹੇਠੀ ਮਹਿਸੂਸ ਹੋਈ।
ਵਿਧਾਇਕ ਜੌੜਾਮਾਜਰਾ ਨੇ ਸਮੁੱਚੇ ਅਧਿਆਪਕ ਜਗਤ ਤੋਂ ਅੱਜ ਮੁਆਫ਼ੀ ਮੰਗੀ ਹੈ ਪਰ ਇਹ ਸਕੂਲ ਸ਼ਰਮਸਾਰ ਹੈ। ਹਰ ਅਧਿਆਪਕ ਖ਼ੌਫ਼ ਵਿੱਚ ਹੈ ਤੇ ਕੋਈ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ। ਤਸਵੀਰ ਦਾ ਪਹਿਲਾ ਪਾਸਾ ਦੇਖਦੇ ਹਾਂ। ਜਦੋਂ ਪੰਚਾਇਤੀ ਰਾਜ ਵੱਲੋਂ 44 ਲੱਖ ਦੀ ਲਾਗਤ ਨਾਲ ਬਣਾਈ ਸਕੂਲ ਦੀ ਚਾਰਦੀਵਾਰੀ ਦਾ ਉਦਘਾਟਨ ਕਰਨ ਵਿਧਾਇਕ ਪੁੱਜੇ ਤਾਂ ਸਕੂਲ ਪ੍ਰਬੰਧਕਾਂ ਨੇ ਢੋਲ ਦਾ ਪ੍ਰਬੰਧ ਕੀਤਾ ਹੋਇਆ ਸੀ। ਸਕੂਲ ਦੇ ਮੁੱਖ ਗੇਟ ’ਤੇ ਜਦ ਵਿਧਾਇਕ ਨੇ ਰਿਬਨ ਕੱਟਿਆ ਤਾਂ ਤਾੜੀਆਂ ਦੀ ਗੂੰਜ ਪਈ, ਸਕੂਲੀ ਬੱਚੀਆਂ ਨੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਅਤੇ ਮੂੰਹ ਮਿੱਠਾ ਕਰਾਇਆ। ਸਟੇਜ ’ਤੇ ਸੋਫ਼ੇ ਵੀ ਨਵੇਂ ਸਜਾਏ ਗਏ।
ਸਟੇਜ ਤੋਂ ਸਕੂਲ ਦੀ ਪ੍ਰਿੰਸੀਪਲ ਨੇ ਸਕੂਲ ਦੀਆਂ ਪ੍ਰਾਪਤੀਆਂ ਦਾ ਵਿਖਿਆਨ ਕੀਤਾ। ਵਿਧਾਇਕ ਸਕੂਲ ’ਚ ‘ਬਿਜ਼ਨਸ ਬਲਾਸਟਰ’ ਵਾਲੇ ਸਟਾਲਾਂ ’ਤੇ ਗਏ ਅਤੇ ਵਿਅੰਜਨਾਂ ਨੂੰ ਵੀ ਚੱਖਿਆ। ਸੂਤਰ ਦੱਸਦੇ ਹਨ ਕਿ 11.30 ਵਜੇ ਦੀ ਥਾਂ ਵਿਧਾਇਕ ਘੰਟਾ ਲੇਟ ਪੁੱਜੇ ਤਾਂ ਬੱਚਿਆਂ ਦੇ ਮਾਪੇ ਪੰਡਾਲ ਵਿੱਚੋਂ ਚਲੇ ਗਏ। ਵਿਧਾਇਕ ਪੰਡਾਲ ’ਚ ਇਕੱਲੇ ਬੱਚੇ ਦੇਖ ਕੇ ਖ਼ਫ਼ਾ ਹੋ ਗਏ। ਬਾਕੀ ਜੋ ਸਟੇਜ ਤੋਂ ਤਲਖ਼ੀ ਵਿੱਚ ਜੌੜਾਮਾਜਰਾ ਨੇ ਕਿਹਾ, ਉਸ ਦੀ ਵੀਡੀਓ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਹੈ। ਜੌੜਾਮਾਜਰਾ ਨੇ ਇਸ ਸਕੂਲ ਦੇ ਅਧਿਆਪਕਾਂ ਨੂੰ ਇੰਜ ਪੇਸ਼ ਕੀਤਾ ਜਿਵੇਂ ਉਹ ਕਿਸੇ ਕੰਮ ਦੇ ਨਾ ਹੋਣ। ਹੁਣ ਤਸਵੀਰ ਦਾ ਦੂਜਾ ਪਾਸਾ ਦੇਖਦੇ ਹਾਂ। ਇਸ ਸਕੂਲ ਨੂੰ ‘ਸਕੂਲ ਆਫ਼ ਐਮੀਨੈਂਸ’ ਤਾਂ ਐਲਾਨਿਆ ਹੋਇਆ ਪ੍ਰੰਤੂ ਉਸਾਰੀ ਆਦਿ ਦਾ ਕੰਮ ਤੀਜੇ ਪੜਾਅ ’ਚ ਸ਼ੁਰੂ ਹੋਣਾ ਹੈ।
ਸਕੂਲ ਦੇ ਚਾਰਦੀਵਾਰੀ ਡਿੱਗੀ ਹੋਈ ਸੀ ਅਤੇ ਇੱਕ ਪ੍ਰਾਈਵੇਟ ਵਿਅਕਤੀ ਨੇ ਕਰੀਬ 800 ਗਜ਼ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਸਕੂਲ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਨੇ ਆਪਣੇ ਪੱਧਰ ’ਤੇ ਪਹੁੰਚ ਕਰਕੇ ਕਬਜ਼ਾ ਹਟਾਇਆ ਅਤੇ ਚਾਰਦੀਵਾਰੀ ਮੁਕੰਮਲ ਕਰਾਈ। ਥੋੜ੍ਹੇ ਦਿਨ ਪਹਿਲਾਂ ਇਸ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਆਇਆ। ਸਕੂਲ ਦਾ ਬੱਚਾ ਅਰਸ਼ਦੀਪ ਬਿਨਾਂ ਟਿਊਸ਼ਨ ਤੋਂ ਜੇਈ ਮੇਨ ਵਿੱਚੋਂ 93.8 ਫ਼ੀਸਦੀ ਅੰਕ ਲੈ ਗਿਆ। ਸਮਾਣਾ ਦੇ ਇਸ ਸਕੂਲ ’ਚ ਬੱਚਿਆਂ ਦੀ ਗਿਣਤੀ 700 ਨੂੰ ਪਾਰ ਕਰ ਗਈ ਹੈ ਅਤੇ ਦਾਖ਼ਲੇ 10 ਫ਼ੀਸਦੀ ਵਧੇ ਹਨ। ਸਕੂਲ ਵਿੱਚ 11 ਲੈਕਚਰਾਰ ਹਨ ਅਤੇ ਬਾਇਓਲੋਜੀ ਦੀ ਅਸਾਮੀ ਖ਼ਾਲੀ ਹੈ। ਤਿੰਨ ਮਾਸਟਰ ਕਾਡਰ ਦੀਆਂ ਅਸਾਮੀਆਂ ਖ਼ਾਲੀ ਹਨ। ਮੈਡੀਕਲ ਗਰੁੱਪ ਵਿੱਚ ਬੱਚਿਆਂ ਦੀ ਗਿਣਤੀ ਵਧ ਰਹੀ ਹੈ। ਸਕੂਲ ਦੇ 8-9 ਕਮਰਿਆਂ ਦਾ ਇਹ ਹਾਲ ਹੈ ਕਿ ਉਹ ਬਾਰਸ਼ ਆਉਣ ’ਤੇ ਚੋਣ ਲੱਗ ਜਾਂਦੇ ਹਨ।
ਸਕੂਲ ਵਿੱਚ ਅਨੇਕਾਂ ਦਿੱਕਤਾਂ ਹਨ ਪ੍ਰੰਤੂ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਸਕੂਲ ਦੇ ਅਧਿਆਪਕ ਚੰਗੇ ਨਤੀਜੇ ਦੇ ਰਹੇ ਹਨ। ਅਧਿਆਪਕ ਉਮੀਦ ਕਰਦੇ ਸਨ ਕਿ ਜਦੋਂ ਉਹ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਉਣਗੇ ਤਾਂ ਵਿਧਾਇਕ ਉਨ੍ਹਾਂ ਦੀ ਝੋਲੀ ਸਨਮਾਨ ਨਾਲ ਭਰ ਦੇਣਗੇ ਪ੍ਰੰਤੂ ਵਿਧਾਇਕ ਦੀ ਬੋਲ ਬਾਣੀ ਕਰਕੇ ਸਮਾਗਮ ਸਮਾਪਤੀ ਮਗਰੋਂ ਅਧਿਆਪਕਾਂ ਦਾ ਹੌਸਲਾ ਟੁੱਟ ਗਿਆ।
ਜੌੜਾਮਾਜਰਾ ਨੇ ਅਧਿਆਪਕਾਂ ਤੋਂ ਮੁਆਫ਼ੀ ਮੰਗੀ
ਪਟਿਆਲਾ : ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ ਸਮਾਣਾ ਦੇ ਸਰਕਾਰੀ ਸਕੂਲ ਵਿਚਲੀ ਚਾਰਦੀਵਾਰੀ ਦੇ ਉਦਘਾਟਨ ਸਬੰਧੀ ਸਕੂਲ ’ਚ ਕਰਵਾਏ ਗਏ ਸਮਾਗਮ ਮੌਕੇ ਸਟੇਜ ਤੋਂ ਸੰਬੋਧਨ ਕਰਦਿਆਂ ਅਧਿਆਪਕਾਂ ਦੀ ‘ਝਾੜਝੰਬ’ ਕਰਨ ਦੇ ਮਾਮਲੇ ’ਤੇ ਸਾਬਕਾ ਮੰਤਰੀ ਅਤੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਅਧਿਆਪਕ ਵਰਗ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਹੈ। ਵੀਡੀਓ ਸੁਨੇਹਾ ਜਾਰੀ ਕਰਦਿਆਂ ਵਿਧਾਇਕ ਦਾ ਕਹਿਣਾ ਸੀ ਕਿ ਅਧਿਆਪਕ ਸਤਿਕਾਰਯੋਗ ਹੈ ਤੇ ਸਾਡੇ ਗੁਰੂ ਵੀ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਦਾ ਦਿਲ ਦੁਖਿਆ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ। ਮੁਆਫ਼ੀ ’ਤੇ ਅਧਿਆਪਕ ਵਰਗ ਨੇ ਤਸੱਲੀ ਪ੍ਰਗਟਾਉਂਦਿਆਂ 11 ਅਪਰੈਲ ਨੂੰ ਜੌੜਾਮਾਜਰਾ ਸਣੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਪੁਤਲੇ ਸਾੜਨ ਦਾ ਉਲੀਕਿਆ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜੀਆਂਵਾਲੀ, 6635 ਈਟੀਟੀ ਟੀਚਰ ਯੂਨੀਅਨ ਤੋਂ ਸੂਬਾ ਪ੍ਰਧਾਨ ਦੀਪਕ ਕੰਬੋਜ਼ ਤੇ ਸੂਬਾ ਆਗੂ ਸ਼ਲਿੰਦਰ ਕੰਬੋਜ, 4161 ਮਾਸਟਰ ਕਾਡਰ ਯੂਨੀਅਨ ਤੋਂ ਬਲਕਾਰ ਮਘਾਣੀਆਂ ਅਤੇ ਸੰਦੀਪ ਗਿੱਲ ਨੇ ਮੁਆਫ਼ੀ ਦੀ ਇਸ ਕਾਰਵਾਈ ’ਤੇ ਤਸੱਲੀ ਪ੍ਰਗਟ ਕਰਦਿਆਂ ਜੌੜਾਮਾਜਰਾ ਨੂੰ ਅਜਿਹੇ ਮਾਮਲੇ ਪ੍ਰਤੀ ਭਵਿੱਖ ਵਿੱਚ ਸੁਚੇਤ ਰਹਿਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ 11 ਅਪਰੈਲ ਨੂੰ ਜ਼ਿਲ੍ਹਾ ਕੇਂਦਰਾਂ ’ਤੇ ਐਲਾਨੇ ਪੁਤਲਾ ਫੂਕਣ ਦੇ ਪ੍ਰਦਰਸ਼ਨ ਰੱਦ ਕਰ ਦਿੱਤੇ ਗਏ ਹਨ। ਹਾਲਾਂਕਿ ਅਧਿਆਪਕ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਸਿੱਖਿਆ ਮੰਤਰੀ ਵੱਲ ‘ਮੰਗ ਪੱਤਰ’ ਭੇਜਣ ਦੇ ਪਹਿਲਾਂ ਐਲਾਨੇ 11 ਅਪਰੈਲ ਦੇ ਪ੍ਰੋਗਰਾਮ ਬਰਕਰਾਰ ਰਹਿਣਗੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰਿੰਸੀਪਲਾਂ ਤੇ ਅਧਿਆਪਕਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਭਰਦਿਆਂ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਅਤੇ ਵਿਦਿਅਕ ਕੈਲੰਡਰ ਤਿਆਰ ਕੀਤੇ ਜਾਣ ਅਤੇ ਸਰਕਾਰੀ ਸਕੂਲਾਂ ਦੇ ਵਿਦਿਅਕ ਮਾਹੌਲ ਨੂੰ ਪ੍ਰਭਾਵਿਤ ਕਰ ਰਹੇ ਉਦਘਾਟਨੀ ਸਮਾਰੋਹਾਂ ਦੇ ਫੈਸਲੇ ਨੂੰ ਵਾਪਸ ਲੈਣ ’ਤੇ ਪੁਨਰ ਵਿਚਾਰ ਕੀਤਾ ਜਾਵੇ।