ਮੋਡਾਸਾ (ਗੁਜਰਾਤ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਭਾਵੇਂ ਗੁਜਰਾਤ ਵਿੱਚ ਪਾਰਟੀ ਵਰਕਰ ‘ਨਿਰਾਸ਼’ ਨਜ਼ਰ ਆ ਰਹੇ ਹਨ ਪਰ ਸਿਰਫ਼ ਉਨ੍ਹਾਂ ਦੀ ਪਾਰਟੀ ਹੀ ਆਰਐੱਸਐੱਸ-ਭਾਜਪਾ ਨੂੰ ਹਰਾ ਸਕਦੀ ਹੈ। ਹਫ਼ਤੇ ਵਿੱਚ ਗੁਜਰਾਤ ਦੇ ਆਪਣੇ ਦੂਜੇ ਦੌਰੇ ਦੌਰਾਨ ਕਾਂਗਰਸ ਸੰਸਦ ਮੈਂਬਰ ਨੇ ਸੂਬੇ ਵਿੱਚ ਸੰਗਠਨ ਨੂੰ ਸੁਰਜੀਤ ਕਰਨ ਲਈ ਖਾਕਾ ਪੇਸ਼ ਕੀਤਾ ਅਤੇ ‘ਭਾਜਪਾ ਲਈ ਕੰਮ ਕਰਨ ਵਾਲੇ’ ਆਗੂਆਂ ਨੂੰ ਪਾਰਟੀ ’ਚੋਂ ਕੱਢਣ ਦਾ ਵਾਅਦਾ ਕੀਤਾ।
ਉਨ੍ਹਾਂ ਗੁਜਰਾਤ ਨੂੰ ਪਾਰਟੀ ਲਈ ਸਭ ਤੋਂ ਅਹਿਮ ਸੂਬਾ ਦੱਸਦਿਆਂ ਕਿਹਾ ਕਿ ਇਹ ਰਾਜ ਕਦੇ ਕਾਂਗਰਸ ਦਾ ਗੜ੍ਹ ਸੀ। ਇਸ ਦੌਰਾਨ ਉਨ੍ਹਾਂ ਲਗਪਗ 30 ਸਾਲ ਤੋਂ ਸੱਤਾ ’ਤੇ ਕਾਬਜ਼ ਆਰਐੱਸਐੱਸ ਤੇ ਭਾਜਪਾ ਨੂੰ ਹਰਾਉਣ ਦੀ ਸਹੁੰ ਖਾਧੀ। ਰਾਹੁਲ ਗੁਜਰਾਤ ਵਿੱਚ ਜ਼ਿਲ੍ਹਾ ਇਕਾਈਆਂ ਨੂੰ ਮਜ਼ਬੂਤ ਕਰਨ ਲਈ ਪਾਇਲਟ ਯੋਜਨਾ ਦੀ ਸ਼ੁਰੂਆਤ ਕਰਨ ਮਗਰੋਂ ਅਰਾਵਲੀ ਜ਼ਿਲ੍ਹੇ ਦੇ ਮੋਡਾਸਾ ਕਸਬੇ ਵਿੱਚ ਬੂਥ ਪੱਧਰੀ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਗੁਜਰਾਤ ਵਿੱਚ 2027 ਦੇ ਅੰਤ ’ਚ ਵਿਧਾਨ ਸਭਾ ਚੋਣਾਂ ਹੋਣਗੀਆਂ। ਜਾਣਕਾਰੀ ਅਨੁਸਾਰ ਪੰਜ ਮੈਂਬਰੀ ਕਮੇਟੀ ਗੁਜਰਾਤ ’ਚ ਪਾਰਟੀ ਦੀਆਂ 41 ਜ਼ਿਲ੍ਹਾ ਇਕਾਈਆਂ (ਅੱਠ ਸ਼ਹਿਰਾਂ ਸਮੇਤ) ’ਚੋਂ ਹਰੇਕ ਲਈ ਨਵੇਂ ਮੁਖੀਆਂ ਦੀ ਨਿਯੁਕਤੀ ਦੀ ਪ੍ਰਕਿਰਿਆ ਦੀ ਦੇਖ-ਰੇਖ ਕਰੇਗੀ। ਪੰਜ ਮੈਂਬਰੀ ਕਮੇਟੀ ਵਿੱਚ ਇੱਕ ਏਆਈਸੀਸੀ ਨਿਗਰਾਨ ਅਤੇ ਚਾਰ ਰਾਜ ਨਿਗਰਾਨ ਸ਼ਾਮਲ ਹਨ। ਆਪਣੇ ਸੰਬੋਧਨ ਦੌਰਾਨ ਰਾਹੁਲ ਨੇ ਵਰਕਰਾਂ ਨਾਲ ਕਈ ਵਾਅਦੇ ਕੀਤੇ। ਉਨ੍ਹਾਂ ਕਿਹਾ, ‘ਇਹ ਵਿਚਾਰਧਾਰਾਵਾਂ ਦੀ ਲੜਾਈ ਹੈ। ਸਿਰਫ਼ ਦੋ ਪਾਰਟੀਆਂ ਦੀਆਂ ਹੀ ਵਿਚਾਰਧਾਰਾਵਾਂ ਹਨ, ਪਹਿਲੀ ਭਾਜਪਾ ਅਤੇ ਦੂਜੀ ਕਾਂਗਰਸ। ਸਿਰਫ਼ ਕਾਂਗਰਸ ਹੀ ਭਾਜਪਾ ਅਤੇ ਆਰਐੱਸਐੱਸ ਨੂੰ ਹਰਾ ਸਕਦੀ ਹੈ।’
ਪਾਰਟੀ ਦੇ ਕੰਮਕਾਜ ਵਿੱਚ ਬਦਲਾਅ ਲਿਆਉਣ ਦੀ ਲੋੜ ’ਤੇ ਜ਼ੋਰ
ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਨੂੰ ਹਰਾਉਣਾ ਔਖਾ ਨਹੀਂ। ਸਿਰਫ਼ ਪਾਰਟੀ ਦੇ ਕੰਮਕਾਜ ਵਿੱਚ ਕੁਝ ਬਦਲਾਅ ਕਰਨ ਦੀ ਲੋੜ ਹੈ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਦੌੜ ਵਾਲੇ ਘੋੜਿਆਂ, ਬਾਰਾਤ ਵਾਲੇ ਘੋੜਿਆਂ ਅਤੇ ‘ਲੰਗੜੇ ਘੋੜਿਆਂ’ ਵਜੋਂ ਤਿੰਨ ਸ਼੍ਰੇਣੀਆਂ ਵਿੱਚ ਵੰਡਦਿਆਂ ਕਿਹਾ ਕਿ ਪਾਰਟੀ ਗੁਜਰਾਤ ਵਿੱਚ ਇਸ ਲਈ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀ ਕਿਉਂਕਿ ਦੌੜ ਵਾਲੇ ਘੋੜਿਆਂ ਨੂੰ ‘ਵਿਆਹ ਵਿੱਚ ਨਚਾਇਆ ਜਾਂਦਾ ਹੈ’, ਜਦਕਿ ‘ਨੱਚਣ’ ਵਾਲੇ ਘੋੜਿਆਂ ਨੂੰ ਦੌੜਨ (ਚੋਣਾਂ ਲੜਨ) ਲਈ ਕਿਹਾ ਜਾਂਦਾ ਹੈ।’