ਦਿੜ੍ਹਬਾ ਮੰਡੀ/ਸੁਨਾਮ ਊਧਮ ਸਿੰਘ ਵਾਲਾ : ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਕਾਂਗਰਸ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਇਸ ਪਾਰਟੀ ਦੀ ਹਾਲਤ 90 ਸਾਲ ਦੇ ਬਿਮਾਰ ਬਜ਼ੁਰਗ ਵਰਗੀ ਹੋਈ ਪਈ ਹੈ, ਜਦਕਿ ਅਕਾਲੀ ਦਲ ਵਾਲੇ ਰੱਬ ਨੇ ਮਾਰ ਦਿੱਤੇ ਕਿਉਂਕਿ ਉਨ੍ਹਾਂ ਨੇ ਅਕਾਲ ਤਖ਼ਤ ਨਾਲ ਪੰਗਾ ਲਿਆ ਹੋਇਆ ਹੈ। ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਵਰ੍ਹਦਿਆਂ ਕਿਹਾ ਕਿ ਉਹ ਕਹਿੰਦੇ ਹਨ ਕਿ ਪੰਜਾਬ ਵਿੱਚ 50 ਬੰਬ ਆਏ ਸਨ, 18 ਚੱਲ ਗਏ ਅਤੇ 32 ਹੋਰ ਚੱਲਣ ਲਈ ਪਏ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਬੰਬਾਂ ਦਾ ਖੁਲਾਸਾ ਕਰਨ ਲਈ ਕਿਹਾ ਗਿਆ ਤਾਂ ਹੁਣ ਉਹ ਕਾਨੂੰਨੀ ਸ਼ਿਕੰਜੇ ਤੋਂ ਬਚਣ ਵਾਸਤੇ ਵਕੀਲ ਭਾਲਦੇ ਫਿਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਤਾਪ ਬਾਜਵਾ ਬੰਬਾਂ ਦੀ ਕਹਾਣੀ ਘੜ ਕੇ ਲੋਕਾਂ ਵਿੱਚ ਦਹਿਸ਼ਤ ਫੈਲਾ ਰਹੇ ਹਨ। ਉਨ੍ਹਾਂ ਕਾਂਗਰਸੀ ਆਗੂ ਨੂੰ ਸਵਾਲ ਕੀਤਾ ਕਿ ਕੀ ਬਾਜਵਾ ਇਨ੍ਹਾਂ ਬੰਬਾਂ ਦੇ ਫਟਣ ਦਾ ਇਤਜ਼ਾਰ ਕਰ ਰਹੇ ਹਨ। ਮੁੱਖ ਮੰਤਰੀ ਦਿੜ੍ਹਬਾ ਹਲਕੇ ਦੇ ਪਿੰਡ ਛਾਜਲੀ ਦੇ ‘ਸਕੂਲ ਆਫ ਐਮੀਨੈਂਸ ਵਿੱਚ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਲੈਬ ਅਤੇ ਕਲਾਸ ਰੂਮ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ‘ਸਕੂਲ ਆਫ ਐਮੀਨੈਂਸ’ ਸਕੂਲ ਬਣਾ ਕੇ ਇਸ ਵਿੱਚ ਕਮਰੇ, ਸਾਇੰਸ ਰੂਮ, ਲੈਬਾਂ ਅਤੇ ਬੱਚਿਆਂ ਲਈ ਹੋਰ ਕਾਫ਼ੀ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਉਹ ਇੱਥੋਂ ਸਿੱਖ ਕੇ ਕਾਲਜ ਯੂਨੀਵਸਿਟੀ ਵਿੱਚ ਜਾ ਕੇ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰ ਸਕਣ।
ਉਨ੍ਹਾਂ ਕਿਹਾ ਕਿ ਪਹਿਲਾਂ ਸਕੂਲਾਂ ਵਿੱਚ ਇਹ ਸਹੂਲਤਾਂ ਨਹੀਂ ਸਨ ਅਤੇ ਨੌਕਰੀਆਂ ਲਈ ਮੌਕੇ ਵੀ ਘੱਟ ਮਿਲਦੇ ਸਨ ਕਿਉਂਕਿ ਪਹਿਲਾਂ ਵਾਲੇ ਲੀਡਰ ਆਪਣੇ ਬੱਚਿਆਂ ਜਾਂ ਰਿਸ਼ਤੇਦਾਰਾਂ ਨੂੰ ਪਹਾੜਾਂ ਦੇ ਸਕੂਲਾਂ ਵਿੱਚ ਪੜ੍ਹਾ ਕੇ ਨੌਕਰੀਆਂ ਦਿਵਾਉਂਦੇ ਸਨ ਪਰ ਹੁਣ ਸਾਰਿਆਂ ਨੂੰ ਨੌਕਰੀਆਂ ਦੇ ਮੌਕੇ ਮਿਲਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਸੜਕਾਂ, ਕੱਸੀਆਂ ਅਤੇ ਖਾਲ ਬਣਾਉਣ, ਪਾਈਪਾਂ ਪਾਉਣ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ ਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਪਿਛਲੀਆਂ ਸਰਕਾਰਾਂ ਨੇ ਇਹ ਸਹੂਲਤਾਂ ਦੇਣ ਦੀ ਥਾਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਹੈ।
ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਤਰੱਕੀ ਅਤੇ ਨਸ਼ਾ ਮੁਕਤੀ ਵੱਲ ਵਧ ਰਿਹਾ ਹੈ। ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਸਾਇੰਸ, ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨਾਲ ਸਬੰਧਤ ਪੇਂਟਿੰਗਾਂ ਅਤੇ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਗਈ।
ਸੰਗਰੂਰ ਆਉਣ ’ਤੇ ਮਿਲਦੀ ਹੈ ਨਵੀਂ ਊਰਜਾ: ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿੱਚ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਦੇ ਆਡੀਟੋਰੀਅਮ ਦੇ ਉਦਘਾਟਨੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਬੰਬਾਂ ਬਾਰੇ ਬਿਆਨਬਾਜ਼ੀ ਕਰਕੇ ਪੰਜਾਬ ਦੇ ਲੋਕਾਂ ਨੂੰ ਡਰਾਉਣਾ ਅਤੇ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਸੰਗਰੂਰ ਵਾਲਿਆਂ ਨੂੰ ਆਖਦੇ ਸੀ ਕਿ ਇਹ ਪਛੜੇ ਹੋਏ ਹਨ ਪਰ ਸੰਗਰੂਰ ਵਾਲਿਆਂ ਨੇ ਐਸਾ ਪਾਸਾ ਪਲਟਿਆ ਕਿ ਹੁਣ ਸੰਗਰੂਰ ਵਾਲੇ ਸਭ ਤੋਂ ਅੱਗੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੰਨ 2014 ਅਤੇ ਫਿਰ ਸੰਨ 2019 ਵਿਚ ਸੰਗਰੂਰ ਵਾਲਿਆਂ ਨੂੰ ਬੂਟਾ ਲਗਾਇਆ ਸੀ ਅਤੇ ਸੰਨ 2022 ਵਿਚ ਤਾਂ ਪਿੱਪਲ ਹੀ ਗੱਡ ਦਿੱਤਾ। ਸ੍ਰੀ ਮਾਨ ਨੇ ਕਿਹਾ ਕਿ ਉਹ ਜਦੋਂ ਵੀ ਸੰਗਰੂਰ ਆਉਂਦੇ ਹਨ ਤਾਂ ਨਵੀਂ ਊਰਜਾ ਮਿਲਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਉਨ੍ਹਾਂ ਦੇ ਪੇਕੇੇ ਹਨ ਜਿਥੋਂ ਹਮੇਸ਼ਾ ਠੰਢੀਆਂ ਹਵਾਵਾਂ ਦੇ ਬੁੱਲ੍ਹੇ ਆਉਂਦੇ ਹਨ। ਇਸ ਮੌਕੇ ਡੀਆਈਜੀ ਮਨਦੀਪ ਸਿੰਘ ਸਿੱਧੂ, ਵਿਧਾਇਕ ਨਰਿੰਦਰ ਕੌਰ ਭਰਾਜ, ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ, ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਅਸੋਕ ਕੁਮਾਰ ਲੱਖਾ, ਚੇਅਰਮੈਨ ਅਵਤਾਰ ਸਿੰਘ ਈਲਵਾਲ, ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ, ਐਸਐਸਪੀ ਸਰਤਾਜ ਸਿੰਘ ਚਾਹਲ ਆਦਿ ਮੌਜੂਦ ਸਨ।