ਬੀਐੱਸਐੱਫ ਵੱਲੋਂ ਹਥਿਆਰ ਤੇ ਹੈਰੋਇਨ ਬਰਾਮਦ

ਅੰਮ੍ਰਿਤਸਰ : ਸਰਹੱਦ ਦੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਅੱਜ ਸਰਹੱਦੀ ਖੇਤਰ ਵਿੱਚ ਕੀਤੀ ਕਾਰਵਾਈ ਦੌਰਾਨ ਹਥਿਆਰ, ਗੋਲਾ ਬਾਰੂਦ, ਵਿਸਫੋਟਕ ਸਮੱਗਰੀ, ਹੱਥ ਗੋਲੇ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਬੀਐੱਸਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਇੰਟੈਲੀਜੈਂਸ ਵਿੰਗ ਦੀ ਜਾਣਕਾਰੀ ਦੇ ਆਧਾਰ ’ਤੇ ਬੀਐੱਸਐੱਫ ਦੇ ਜਵਾਨਾਂ ਵਲੋਂ ਸ਼ੱਕੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਆਰੰਭੀ ਗਈ ਸੀ ਜਿਸ ਦੇ ਸਿੱਟੇ ਵਜੋਂ ਜਵਾਨਾਂ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੱਲੜਵਾਲ ਨੇੜੇ ਇੱਕ ਖੇਤ ਵਿਚੋਂ ਦੋ ਪੈਕੇਟ ਬਰਾਮਦ ਕੀਤੇ। ਇਸ ਵਿਚੋ ਦੋ ਪਿਸਤੌਲਾਂ ਨਾਲ ਚਾਰ ਮੈਗਜ਼ੀਨ, 50 ਜ਼ਿੰਦਾ ਕਾਰਤੂਸ, ਸਹਾਇਕ ਉਪਕਰਣਾਂ ਸਮੇਤ ਦੋ ਹੈਂਡ ਗ੍ਰਨੇਡ, ਆਈਈਡੀ ਵਾਲੀ ਵਿਸਫੋਟਕ ਸਮੱਗਰੀ ਅਤੇ ਹੈਰੋਇਨ ਮਿਲੀ।

ਸਰਹੱਦੀ ਖੇਤਰ ਵਿੱਚੋ ਹੈਰੋਇਨ ਸਣੇ ਤਸਕਰ ਕਾਬੂ

ਬੀਐੱਸਐੱਫ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨਾਲ ਮਿਲ ਕੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚੋ ਹੈਰੋਇਨ ਸਮੇਤ ਇਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਟੈਲੀਜੈਂਸ ਵਿੰਗ ਦੀ ਜਾਣਕਾਰੀ ਦੇ ਆਧਾਰ ’ਤੇ ਸਾਂਝੇ ਅਪਰੇਸ਼ਨ ਵਿੱਚ ਬੀਐਸਐਫ ਅਤੇ ਐਨਸੀਬੀ ਅੰਮ੍ਰਿਤਸਰ ਦੇ ਜਵਾਨਾਂ ਨੇ ਸਰਹੱਦੀ ਪਿੰਡ ਰਣੀਆਂ ਵਿੱਚ ਮਸ਼ਕੂਕ ਦੇ ਘਰ ਛਾਪਾ ਮਾਰਿਆ ਜਿਥੋਂ ਇੱਕ ਵਿਅਕਤੀ ਨੂੰ ਉਸ ਦੇ ਘਰ ਦੇ ਵਿਹੜੇ ਵਿੱਚ ਲੁਕਾ ਦੇ ਰੱਖੇ ਹੈਰੋਇਨ ਦੇ ਦੋ ਪੈਕੇਟਾਂ ਸਣੇ ਗ੍ਰਿਫ਼ਤਾਰ ਕੀਤਾ।

ਹਵਾਈ ਅੱਡੇ ਤੋਂ ਨਸ਼ੀਲੇ ਪਦਾਰਥ ਬਰਾਮਦ

ਇੱਥੋਂ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਵਿਭਾਗ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸਾਂਝੀ ਕਾਰਵਾਈ ਤਹਿਤ 6 ਕਿਲੋ 36 ਗ੍ਰਾਮ ਨਸ਼ੀਲਾ ਪਦਾਰਥ ਗਾਂਜਾ ਬਰਾਮਦ ਕੀਤਾ ਹੈ। ਇਹ ਬਰਾਮਦਗੀ ਬੈਂਕਾਕ ਤੋਂ ਆਏ ਯਾਤਰੀ ਤੋਂ ਕੀਤੀ ਗਈ ਹੈ ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ।

ਲੁਧਿਆਣਾ ਵਾਸੀ ਪੰਜ ਪਿਸਤੌਲਾਂ ਸਣੇ ਕਾਬੂ

ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਕਾਊਂਟਰ ਇੰਟੈਲੀਜੈਂਸ ਵਿੰਗ ਅੰਮ੍ਰਿਤਸਰ ਨੇ ਕੌਮਾਂਤਰੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਲੁਧਿਆਣਾ ਦੇ ਗੁਰਵਿੰਦਰ ਸਿੰਘ ਉਰਫ਼ ਗੁਰੀ ਨੂੰ ਪੰਜ ਗੈਰਕਾਨੂੰਨੀ ਪਿਸਤੌਲਾਂ ਸਣੇ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਇਹ ਨੈੱਟਵਰਕ ਅਮਰੀਕਾ ਤੋਂ ਗੁਰਲਾਲ ਸਿੰਘ ਅਤੇ ਵਿਪੁਲ ਸ਼ਰਮਾ ਵਲੋਂ ਚਲਾਇਆ ਜਾ ਰਿਹਾ ਸੀ। ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਐੱਕਸ ’ਤੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਗੈਰਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ ਲਿੰਕ ਸੰਯੁਕਤ ਰਾਜ ਅਮਰੀਕਾ ਤੱਕ ਫੈਲੇ ਹੋਏ ਸਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਕਿ ਗੁਰਵਿੰਦਰ ਸਿੰਘ ਦਾ ਸਬੰਧ ਡਰੱਗ ਤਸਕਰ ਹਰਦੀਪ ਸਿੰਘ ਨਾਲ ਸੀ ਜੋ ਰਿਸ਼ਤੇ ਵਿਚ ਉਸ ਦਾ ਸਾਲਾ ਹੈ ਅਤੇ ਉਹ 2022 ਵਿੱਚ ਅਮਰੀਕਾ ਚਲਾ ਗਿਆ ਸੀ। ਉਸ ਨੂੰ ਸਪੈਸ਼ਲ ਟਾਸਕ ਫੋਰਸ ਨੇ 2020 ਵਿੱਚ ਡਰੱਗ ਨਾਲ ਸਬੰਧਤ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਡੀਜੀਪੀ ਨੇ ਕਿਹਾ ਕਿ ਵਿਦੇਸ਼ ਵਿਚ ਹਰਦੀਪ ਨੇ ਗੁਰਲਾਲ ਨਾਲ ਮਿਲ ਕੇ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। ਇੱਥੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਵਿਚ ਇਸ ਸਬੰਧ ਵਿਚ ਕੇਸ ਦਰਜ ਕੀਤਾ ਗਿਆ ਹੈ।

Share: