ਭਾਜਪਾ ਨਵੇਂ ਵਕਫ਼ ਕਾਨੂੰਨ ਬਾਰੇ ਸ਼ੁਰੂ ਕਰੇਗੀ ਦੇਸ਼ਿਵਆਪੀ ਜਾਗਰੂਕਤਾ ਮੁਹਿੰਮ

ਭਾਜਪਾ ਨਵੇਂ ਵਕਫ਼ ਕਾਨੂੰਨ ਬਾਰੇ ਸ਼ੁਰੂ ਕਰੇਗੀ ਦੇਸ਼ਿਵਆਪੀ ਜਾਗਰੂਕਤਾ ਮੁਹਿੰਮ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਵੱਲੋਂ ਵਕਫ਼ (ਸੋਧ) ਐਕਟ ਦੇ ਫਾਇਦਿਆਂ ਦਾ ਪ੍ਰਚਾਰ ਕਰਨ ਅਤੇ ਵਿਰੋਧੀ ਧਿਰ ਦੀ ਆਲੋਚਨਾ ਦਾ ਮੁਕਾਬਲਾ ਕਰਨ ਲਈ 20 ਅਪਰੈਲ ਤੋਂ ਪੰਦਰਵਾੜੇ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਖ਼ਾਸ ਤੌਰ ’ਤੇ ਮੁਸਲਮਾਨਾਂ ਤੱਕ ਪਹੁੰਚ ਕੀਤੀ ਜਾਵੇਗੀ। ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਆਪਣੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਦੇਸ਼ ਭਰ ਵਿੱਚੋਂ ਭਾਜਪਾ ਦੇ ਅਹੁਦੇਦਾਰਾਂ ਨੇ ਇੱਥੇ ਵਰਕਸ਼ਾਪ ਵਿੱਚ ਹਿੱਸਾ ਲਿਆ। ਇਸ ਵਿੱਚ ਨੱਢਾ ਨੇ ਵਿਰੋਧੀ ਪਾਰਟੀਆਂ ’ਤੇ ਦੋਸ਼ ਲਗਾਇਆ ਕਿ ਉਹ ਵੋਟ ਬੈਂਕ ਦੀ ਸਿਆਸਤ ਤਹਿਤ ਸੋਧੇ ਹੋਏ ਕਾਨੂੰਨ ਦੇ ਪ੍ਰਬੰਧਾਂ ਬਾਰੇ ਮੁਸਲਮਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਨੱਢਾ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਵਕਫ਼ ਦੀਆਂ ਜਾਇਦਾਦਾਂ ਦੇ ਪਾਰਦਰਸ਼ੀ ਅਤੇ ਕੁਸ਼ਲ ਪ੍ਰਬੰਧਨ ਦੇ ਨਾਲ ‘ਪਸਮਾਂਦਾ (ਪਿਛੜੇ)’ ਮੁਸਲਮਾਨਾਂ ਅਤੇ ਔਰਤਾਂ ਨੂੰ ਪ੍ਰਬੰਧਨ ਤੇ ਭਲਾਈ ਪ੍ਰੋਗਰਾਮਾਂ ਵਿੱਚ ਭਾਈਵਾਲ ਬਣਾਉਣ ਲਈ ਦ੍ਰਿੜ੍ਹ ਹੈ।

Share: