ਭਾਰਤ ਤੇ ਪਾਕਿ ਵਿਚਾਲੇ ਬ੍ਰਿਗੇਡ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ

ਭਾਰਤ ਤੇ ਪਾਕਿ ਵਿਚਾਲੇ ਬ੍ਰਿਗੇਡ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ

ਜੰਮੂ : ਭਾਰਤ ਤੇ ਪਾਕਿਸਤਾਨ ਦੀ ਸੈਨਾ ਵਿਚਾਲੇ ਸਰਹੱਦੀ ਪ੍ਰਬੰਧਨ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਲਈ ਅੱਜ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐੱਲਓਸੀ) ਕੋਲ ਬ੍ਰਿਗੇਡ ਕਮਾਂਡਰ ਪੱਧਰ ਦੀ ‘ਫਲੈਗ ਮੀਟਿੰਗ’ ਹੋਈ। ਇਸ ਮਹੀਨੇ ਦੋਵੇਂ ਧਿਰਾਂ ਵਿਚਾਲੇ ਇਹ ਇਸ ਤਰ੍ਹਾਂ ਦੀ ਦੂਜੀ ਮੀਟਿੰਗ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੀਟਿੰਗ ਸਰਹੱਦੀ ਲਾਂਘੇ ਚਕਾਂ-ਦਾ-ਬਾਗ ’ਤੇ ਹੋਈ ਜਿਸ ਦੀ ਅਗਵਾਈ ਦੋਵਾਂ ਧਿਰਾਂ ਦੇ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀਆਂ ਨੇ ਕੀਤੀ।

ਰੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ, ‘ਫਲੈਗ ਮੀਟਿੰਗ ਦੋਵਾਂ ਧਿਰਾਂ ਵਿਚਾਲੇ ਡੀਜੀਐੱਮਓ ਦੀ ਸਹਿਮਤੀ ਅਨੁਸਾਰ ਐੱਲਓਸੀ ’ਤੇ ਸਰਹੱਦੀ ਪ੍ਰਬੰਧਨ ਨਾਲ ਜੁੜੀ ਨਿਯਮਿਤ ਪ੍ਰਕਿਰਿਆ ਹੈ।’ ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਐੱਲਓਸੀ ’ਤੇ ਨਿਯਮਿਤ ਮੁੱਦਿਆਂ ’ਤੇ ਚਰਚਾ ਕਰਨ ਲਈ ਕੀਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਭਾਰਤੀ ਸੈਨਾ ਦੇ ਅਧਿਕਾਰੀਆਂ ਨੇ ਆਪਣੇ ਹਮਰੁਤਬਾ ਅਧਿਕਾਰੀਆਂ ਕੋਲ ਘੁਸਪੈਠ ਦੀਆਂ ਕੋਸ਼ਿਸ਼ਾਂ, ਜੰਗਬੰਦੀ ਦੀ ਉਲੰਘਣਾ ਅਤੇ ਆਈਈਡੀ ਧਮਾਕਿਆਂ ਦਾ ਮੁੱਦਾ ਚੁੱਕਿਆ।

ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਮੁੜ ਸ਼ੁਰੂ

ਜੰਮੂ: ਜੰਮੂ ਕਸ਼ਮੀਰ ਦੇ ਊਧਮਪੁਰ ਤੇ ਕਿਸ਼ਤਵਾੜ ਜ਼ਿਲ੍ਹਿਆਂ ’ਚ ਰਾਤ ਭਰ ਦੀ ਘੇਰਾਬੰਦੀ ਮਗਰੋਂ ਸੁਰੱਖਿਆ ਬਲਾਂ ਨੇ ਅੱਜ ਤਲਾਸ਼ੀ ਮੁਹਿੰਮ ਮੁੜ ਤੋਂ ਸ਼ੁਰੂ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਊਧਮਪੁਰ ਅਤੇ ਕਿਸ਼ਤਵਾੜ ਜ਼ਿਲ੍ਹਿਆਂ ’ਚ ਬੀਤੇ ਦਿਨ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਸੰਖੇਪ ਮੁਕਾਬਲੇ ਤੋਂ ਬਾਅਦ ਰਾਤ ਭਰ ਘੇਰਾਬੰਦੀ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਊਧਮਪੁਰ ਤੇ ਕਿਸ਼ਤਵਾੜ ਜ਼ਿਲ੍ਹਿਆਂ ’ਚ ਤਲਾਸ਼ੀ ਮੁਹਿੰਮ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਨੂੰ ਫੜਨ ਲਈ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।

ਨਸ਼ਾ ਤਸਕਰਾਂ ਦੇ ਹਮਲੇ ’ਚ ਐੱਸਐੱਚਓ ਸਣੇ ਤਿੰਨ ਪੁਲੀਸ ਮੁਲਾਜ਼ਮ ਜ਼ਖ਼ਮੀ

ਜੰਮੂ: ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਅੱਜ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੇ ਗਰੋਹ ਵੱਲੋਂ ਕੀਤੇ ਹਮਲੇ ’ਚ ਐੱਸਐੱਚਓ ਸਮੇਤ ਤਿੰਨ ਪੁਲੀਸ ਕਰਮੀ ਜ਼ਖ਼ਮੀ ਹੋ ਗਏ। ਇਹ ਘਟਨਾ ਜ਼ਿਲ੍ਹੇ ਦੇ ਬਲੋਲ ਖਾਡ ਇਲਾਕੇ ’ਚ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ 20 ਤੋਂ 30 ਵਿਅਕਤੀਆਂ ਨੇ ਐੱਸਐੱਚਓ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ’ਤੇ ਹਮਲਾ ਕਰ ਦਿੱਤਾ। ਜ਼ਖ਼ਮੀਆਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਐੱਸਐੱਚਓ ਨੂੰ ਅੰਮ੍ਰਿਤਸਰ ਦੇ ਹਸਪਤਾਲ ਰੈੱਫਰ ਕਰ ਦਿੱਤਾ ਗਿਆ। ਇਸੇ ਦੌਰਾਨ ਇੱਕ ਵੱਖਰੀ ਕਾਰਵਾਈ ’ਚ ਜੰਮੂ ਕਸ਼ਮੀਰ ਪੁਲੀਸ ਨੇ ਭਾਰਤੀ ਡਾਕ ਦਾ ਲੋਗੋ ਲੱਗਾ ਸ਼ੱਕੀ ਵਾਹਨ ਜ਼ਬਤ ਕੀਤਾ ਹੈ। ਅਧਿਕਾਰੀਆਂ ਮੁਤਾਬਕ ਇਸ ਵਾਹਨ ਰਾਹੀਂ ਦੇਸ਼ ਵਿਰੋਧੀ ਗਤੀਵਿਧੀਆਂ ਅੰਜਾਮ ਦਿੱਤੇ ਜਾਣ ਦਾ ਖਦਸ਼ਾ ਹੈ।

Share: