ਚੰਡੀਗੜ੍ਹ : ਕੇਂਦਰ ਸਰਕਾਰ ਨੇ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਦੇ ਮੱਦੇਨਜ਼ਰ ਇੱਕ ਵੱਡਾ ਕਦਮ ਚੁੱਕਦਿਆਂ ਭਾਰਤ ਵਿੱਚ 16 ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਇਹ ਕਾਰਵਾਈ ਗ੍ਰਹਿ ਮੰਤਰਾਲੇ ਦੀ ਸਿਫਾਰਸ਼ ’ਤੇ ਕੀਤੀ ਗਈ ਹੈ। ਇਹ ਚੈਨਲ ਭਾਰਤ ਵਿਰੁੱਧ ਪ੍ਰਚਾਰ ਅਤੇ ਦੇਸ਼ ਵਿਰੋਧੀ ਸਮੱਗਰੀ ਪ੍ਰਸਾਰਿਤ ਕਰ ਰਹੇ ਸਨ।
ਸੂਤਰਾਂ ਅਨੁਸਾਰ, ਪਾਬੰਦੀਸ਼ੁਦਾ ਯੂਟਿਊਬ ਚੈਨਲਾਂ ਵਿੱਚ ਪਾਕਿਸਤਾਨ ਦੇ ਪ੍ਰਮੁੱਖ ਨਿਊਜ਼ ਨੈੱਟਵਰਕਾਂ ਜਿਵੇਂ ਕਿ ਡਾਅਨ ਨਿਊਜ਼, ਜੀਓ ਨਿਊਜ਼, ਏਆਰਵਾਈ ਨਿਊਜ਼ ਅਤੇ ਸਮਾ ਨਿਊਜ਼ (Dawn News, Samaa TV, Ary News and Geo News) ਦੇ ਵੱਡੇ ਨਾਮ ਵੀ ਸ਼ਾਮਲ ਹਨ। ਇਨ੍ਹਾਂ ਚੈਨਲਾਂ ’ਤੇ ਭਾਰਤ ਵਿਰੁੱਧ ਗਲਤ ਜਾਣਕਾਰੀ ਅਤੇ ਨਫ਼ਰਤ ਫੈਲਾਉਣ ਦਾ ਦੋਸ਼ ਹੈ। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਾਲ ਹੀ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ, ਕੇਂਦਰ ਸਰਕਾਰ ਨੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਕਈ ਸਖ਼ਤ ਕਦਮ ਚੁੱਕੇ ਹਨ। ਇਸ ਤਹਿਤ ਡਿਜੀਟਲ ਮਾਧਿਅਮ ਰਾਹੀਂ ਫੈਲਾਏ ਜਾ ਰਹੇ ਪ੍ਰਚਾਰ ਅਤੇ ਅਫਵਾਹਾਂ ਨੂੰ ਰੋਕਣ ਲਈ ਇਹ ਸਖ਼ਤ ਫੈਸਲਾ ਲਿਆ ਗਿਆ ਹੈ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਦੀ ਏਕਤਾ, ਪ੍ਰਭੂਸੱਤਾ ਅਤੇ ਸ਼ਾਂਤੀ ਖ਼ਿਲਾਫ਼ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਸਾਂਝੇ ਤੌਰ ’ਤੇ ਅਜਿਹੇ ਚੈਨਲਾਂ ਦੀ ਨਿਗਰਾਨੀ ਕਰ ਰਹੇ ਹਨ ਜੋ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਂਦੇ ਹਨ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਭਾਰਤ ਸਰਕਾਰ ਨੇ ਕਈ ਯੂਟਿਊਬ ਚੈਨਲਾਂ ਅਤੇ ਵੈੱਬਸਾਈਟਾਂ ਨੂੰ ਬਲਾਕ ਕਰ ਦਿੱਤਾ ਸੀ ਜੋ ਫਰਜ਼ੀ ਖ਼ਬਰਾਂ ਅਤੇ ਪ੍ਰਚਾਰ ਵਿੱਚ ਸ਼ਾਮਲ ਸਨ। ਸਰਕਾਰ ਦਾ ਕਹਿਣਾ ਹੈ ਕਿ ਡਿਜੀਟਲ ਸਪੇਸ ਵਿੱਚ ਵੀ ਭਾਰਤ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।