ਪਟਿਆਲਾ : ਪੰਜਾਬ ਸਰਕਾਰ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 134ਵੀਂ ਜੈਅੰਤੀ ਸਬੰਧੀ ਰਾਜ ਪੱਧਰੀ ਸਮਾਗਮ ਅੱਜ ਇਥੇ ਪੰਜਾਬੀ ਯੂਨੀਵਰਸਿਟੀ ਵਿੱਚ ਕਰਵਾਇਆ ਗਿਆ। ਇਸ ਦੌਰਾਨ ਗੁਰੂ ਤੇਗ ਬਹਾਦਰ ਹਾਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੀਆਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਦੀ ਭਲਾਈ ਚੰਗੀ ਸਿੱਖਿਆ ਪ੍ਰਦਾਨ ਕਰਨ ਨਾਲ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਮਹਾਨ ਵਿਦਵਾਨ, ਕਾਨੂੰਨਦਾਨ, ਅਰਥ ਸ਼ਾਸਤਰੀ, ਸਮਾਜ ਸੁਧਾਰਕ ਅਤੇ ਰਾਜਨੇਤਾ ਤੇ ਦੁਨੀਆਂ ਦੇ ਇਤਿਹਾਸ ਦੀਆਂ ਸਭ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਹਨ। ਭਾਰਤੀ ਸੰਵਿਧਾਨ ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਦੂਰਅੰਦੇਸ਼ੀ ਦਾ ਨਤੀਜਾ ਹੈ ਤੇ ਵੱਡਮੁੱਲੇ ਯੋਗਦਾਨ ਨੇ ਉਨ੍ਹਾਂ ਨੂੰ ਵਿਸ਼ਵ ਨੇਤਾਵਾਂ ਵਿੱਚ ਸ਼ੁਮਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਆਪਾਂ ਸਾਰੇ ਜਾਤ, ਰੰਗ ਅਤੇ ਨਸਲ ਦੀ ਸੌੜੀ ਸੋਚ ਤੋਂ ਉੱਪਰ ਉੱਠ ਕੇ ਸਮਾਜ ਦੇ ਸਾਰੇ ਵਰਗਾਂ ਲਈ ਨਿਆਂ ਅਤੇ ਸਮਾਨਤਾ ਪ੍ਰਾਪਤ ਕਰਨ ਲਈ ਇੱਕ ਸਮਾਨਤਾਵਾਦੀ ਸਮਾਜ ਦੀ ਸਿਰਜਣਾ ਲਈ ਇਕਜੁੱਟ ਹੋ ਕੇ ਯਤਨ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਵਿੱਚ ਅਨੁਸੂਚਿਤ ਜਾਤੀ ਦੇ 6 ਮੰਤਰੀ ਹਨ ਤੇ ਪਹਿਲੀ ਵਾਰ ਏਜੀ ਦਫ਼ਤਰ ਵਿੱਚ ਰਾਖਵਾਂਕਰਨ ਕੀਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅੰਬੇਡਕਰ ਦੇ ਬੁੱਤਾਂ ਨੂੰ ਤੋੜਨ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਕਿਹਾ ਕਿ ਸਦੀਆਂ ਤੋਂ ਗੁਲਾਮੀ ਹੰਢਾਉਣ ਵਾਲਿਆਂ ਦੀ ਜ਼ਿੰਦਗੀ ਜਿਉਣ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਡਾ. ਅੰਬੇਡਕਰ ਨੇ ਹੀ ਬਦਲਾਅ ਲਿਆਂਦਾ। ਇਸ ਮੌਕੇ ਸਮਾਜਿਕ ਨਿਆਂ, ਸ਼ਕਤੀਕਰਨ ਤੇ ਘੱਟ ਗਿਣਤੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੀਕੇ ਮੀਨਾ, ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ, ਡੀਨ ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਸੰਜੀਵ ਪੁਰੀ, ਵਿਧਾਇਕ ਅਜੀਤਪਾਲ ਕੋਹਲੀ, ਗੁਰਲਾਲ ਘਨੌਰ ਤੇ ਚੇਤਨ ਜੌੜਾਮਾਜਰਾ, ਮੇਅਰ ਕੁੰਦਨ ਗੋਗੀਆ, ਚੇਅਰਮੇਨ ਇੰਦਰਜੀਤ ਸੰਧੂ ਤੇ ਮੇਘਚੰਦ ਸ਼ੇਰਮਾਜਰਾ ਮੌਜੂਦ ਸਨ।
ਯੂਨੀਵਰਸਿਟੀ ਵਿੱਚ ਜਰਮਨੀ ਦੀ ਤਰਜ਼ ’ਤੇ ‘ਮੇਕਰ ਸਪੇਸ’ ਨਾਮਕ ਵੱਡੀ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਜਾਵੇਗੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਹੀਨਾਵਾਰ ਗਰਾਂਟ ਵਿੱਚ ਵਾਧਾ ਕਰ ਕੇ ਸਰਕਾਰ ਨੇ ਯੂਨੀਵਰਸਿਟੀ ਨੂੰ ਪੈਰਾਂ ਸਿਰ ਕੀਤਾ ਹੈ ਤਾਂ ਕਿ ਸਿੱਖਿਆ ਨੂੰ ਕਰਜ਼ੇ ਦੇ ਬੋਝ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਲਦੀ ਹੀ ਯੂਨੀਵਰਸਿਟੀ ਵਿਖੇ ਜਰਮਨੀ ਦੀ ਤਰਜ਼ ’ਤੇ ‘ਮੇਕਰ ਸਪੇਸ’ ਨਾਮੀ ਵਿਸ਼ੇਸ਼ ਅਤੇ ਵੱਡੀ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਜਾਵੇਗੀ, ਜਿੱਥੇ ਨੇੜਲੇ ਖੇਤਰਾਂ ਤੋਂ ਸਭ ਵਿਦਿਅਕ ਅਤੇ ਖੋਜ ਅਦਾਰਿਆਂ ਦੇ ਵਿਦਿਆਰਥੀ ਤੇ ਅਧਿਆਪਕ ਮਿਲ ਕੇ ਕਾਰਜ ਕਰ ਸਕਣ ਦੇ ਸਮਰੱਥ ਹੋਣਗੇ। ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜ਼ਾ ਕਰਦਿਆਂ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਹੋਸਟਲ ਦਾ ਉਹ ਕਮਰਾ ਵੀ ਵੇਖਿਆ ਜਿਸ ’ਚ ਉਹ ਠਹਿਰਿਆ ਕਰਦੇ ਸਨ।