ਨਵੀਂ ਦਿੱਲੀ : 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ’ਚ ਮੁੱਖ ਗਵਾਹ ਸੁਰਿੰਦਰ ਸਿੰਘ ਨੇ ਕਥਿਤ ਤੌਰ ’ਤੇ ਵਾਰ-ਵਾਰ ਧਮਕੀਆਂ ਮਿਲਣ ਤੋਂ ਬਾਅਦ ਆਪਣਾ ਬਿਆਨ ਬਦਲ ਲਿਆ ਹੈ। ਇਹ ਖੁਲਾਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਜੀਕੇ ਨੇ ਰਾਊਜ਼ ਐਵੇਨਿਊ ਕੋਰਟ ’ਚ ਆਪਣੀ ਗਵਾਹੀ ਦੌਰਾਨ ਕੀਤਾ। ਜੀਕੇ ਨੇ ਦੱਸਿਆ ਕਿ ਸੁਰਿੰਦਰ ਸਿੰਘ ਨੇ ਉਨ੍ਹਾਂ ਨੂੰ ਕਈ ਵਾਰ ਧਮਕੀਆਂ ਮਿਲਣ ਬਾਰੇ ਦੱਸਿਆ, ਜਿਸ ਕਾਰਨ ਉਨ੍ਹਾਂ ਦੇ ਬਿਆਨ ’ਚ ਗੜਬੜੀਆਂ ਰਹੀਆਂ। ਜੀਕੇ ਨੇ ਸੁਰਿੰਦਰ ਸਿੰਘ ਨੂੰ ਭਾਈਚਾਰੇ ਤੋਂ ਹਮਾਇਤ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨੂੰ ਸੱਚ ਬੋਲਣ ਲਈ ਉਤਸ਼ਾਹਿਤ ਕੀਤਾ। ਪੁਲ ਬੰਗਸ਼ ਇਲਾਕੇ ’ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸਿਲਸਿਲੇ ’ਚ ਜੀਕੇ ਦਾ ਬਿਆਨ ਦਰਜ ਕੀਤਾ ਜਾ ਰਿਹਾ ਸੀ। ਕਾਂਗਰਸ ਆਗੂ ਜਗਦੀਸ਼ ਟਾਈਟਲਰ ਇਸ ਕੇਸ ’ਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਵਿਸ਼ੇਸ਼ ਜੱਜ ਜੀਤੇਂਦਰ ਸਿੰਘ ਨੇ ਸੀਬੀਆਈ ਦੇ ਵਕੀਲ ਅਮਿਤ ਜਿੰਦਲ ਰਾਹੀਂ ਮਨਜੀਤ ਸਿੰਘ ਜੀਕੇ ਦੇ ਬਿਆਨ ਦਰਜ ਕੀਤੇ। ਜੀਕੇ ਨੇ ਕਿਹਾ, ‘ਜਦੋਂ ਸੁਰਿੰਦਰ ਸਿੰਘ ਮੈਨੂੰ ਮਿਲਿਆ ਤੇ ਦੱਸਿਆ ਕਿ ਉਸ ਨੂੰ ਕਈ ਵਾਰ ਧਮਕੀਆਂ ਮਿਲੀਆਂ, ਜਿਸ ਕਾਰਨ ਉਸ ਨੇ ਵੱਖਰਾ ਬਿਆਨ ਦਿੱਤਾ ਸੀ। ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਈਚਾਰਾ ਉਨ੍ਹਾਂ ਦੀ ਹਮਾਇਤ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਸੱਚ ਦੱਸਣਾ ਚਾਹੀਦਾ ਹੈ। ਇਸ ਮਗਰੋਂ ਉਨ੍ਹਾਂ ਸੀਬੀਆਈ ਨੂੰ ਮਾਮਲੇ ’ਚ ਮੁਲਜ਼ਮ ਜਗਦੀਸ਼ ਟਾਈਟਲਰ ਦੀ ਸ਼ਮੂਲੀਅਤ ਬਾਰੇ ਸੱਚ ਦੱਸਿਆ।’ ਸੀਨੀਅਰ ਐਡਵੋਕੇਟ ਐੱਚਐੱਸ ਫੂਲਕਾ ਨੇ ਭਰੋਸਾ ਜ਼ਾਹਿਰ ਕੀਤਾ ਕਿ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਦੋਸ਼ੀ ਠਹਿਰਾਇਆ ਜਾਵੇਗਾ।
Posted inNews