ਮੁੰਬਈ : ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 451.62 ਅੰਕ ਚੜ੍ਹ ਕੇ 73,649.72 ਤੇ ਐੱਨਐੱਸਈ ਦਾ ਨਿਫਟੀ 136.85 ਅੰਕਾਂ ਦੇ ਵਾਧੇ ਨਾਲ 22,261.55 ਨੂੰ ਪਹੁੰਚ ਗਏ, ਪਰ ਜਲਦੀ ਹੀ ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ 249.53 ਨੁਕਤਿਆਂ ਦੇ ਨਿਘਾਰ ਨਾਲ 72,948.57 ਨੂੰ ਪਹੁੰਚ ਗਿਆ। ਨਿਫਟੀ ਵੀ 61.50 ਨੁਕਤਿਆਂ ਦੀ ਗਿਰਾਵਟ ਨਾਲ 22,063.20 ਦੇ ਪੱਧਰ ’ਤੇ ਆ ਗਿਆ।
ਸੈਂਸੈਕਸ ਪੈਕ ਵਿਚੋਂ ਇੰਡਸਇੰਡ ਬੈਂਕ, ਐੱਚਡੀਐੱਫਸੀ ਬੈਂਕ, ਰਿਲਾਇੰਸ ਇੰਡਸਟਰੀਜ਼, ਐਕਸਿਸ ਬੈਂਕ, ਬਜਾਜ ਫਿਨਸਰਵ, ਟਾਟਾ ਸਟੀਲ, ਅਡਾਨੀ ਪੋਰਟਸ, ਟਾਟਾ ਮੋਟਰਜ਼, ਜ਼ੋਮੈਟੋ, ਬਜਾਜ ਫਾਇਨਾਂਸ ਤੇ ਹਿੰਦੁਸਤਾਨ ਯੂਨੀਲਿਵਰ ਦੇ ਸ਼ੇਅਰਾਂ ਨੂੰ ਸਭ ਤੋਂ ਵੱਧ ਮਾਰ ਪਈ। ਅਲਟਰਾਟੈੱਕ ਸੀਮਿੰਟ, ਮਹਿੰਦਰ ਐਂਡ ਮਹਿੰਦਰਾ, ਟੈੱਕ ਮਹਿੰਦਰਾ, ਲਾਰਸਨ ਐਂਡ ਟੂਬਰੋ, ਐੱਚਸੀਐੱਲ ਟੈਕਨਾਲੋਜੀਜ਼, ਇਨਫੋਸਿਸ ਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਮੁਨਾਫ਼ੇ ਵਿਚ ਰਹੇ। ਏਸ਼ਿਆਈ ਮਾਰਕੀਟਾਂ ਵਿਚ ਟੋਕੀਓ, ਹਾਂਗ ਕਾਂਗ ਤੇ ਸ਼ੰਘਾਈ ਵਿਚ ਸ਼ੇਅਰ ਬਾਜ਼ਾਰਾਂ ਨੇ ਸ਼ੂਟ ਵੱਟੀ। ਸਿਓਲ ਸ਼ੇਅਰ ਮਾਰਕੀਟ ਛੁੱਟੀ ਕਰਕੇ ਬੰਦ ਰਹੀ। ਅਮਰੀਕੀ ਬਾਜ਼ਾਰ ਵੀ ਸ਼ੁੱਕਰਵਾਰ ਨੂੰ ਸਕਾਰਾਤਮਕ ਰੁਖ਼ ਨਾਲ ਬੰਦ ਹੋਏ। ਚੇਤੇ ਰਹੇ ਕਿ ਸ਼ੁੱਕਰਵਾਰ ਨੂੰ ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ 1414.33 ਅੰਕ ਡਿੱਗ ਕੇ 73,198 ਦੇ ਪੱਧਰ ਨੂੰ ਪਹੁੰਚ ਗਿਆ ਸੀ ਤੇ ਨਿਵੇਸ਼ਕਾਂ ਨੂੰ 9 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।